ਜ਼ੀਰਕਪੁਰ: ਕਿਸਾਨਾਂ ਨੇ ਬੈਸਟ ਪ੍ਰਾਈਸ ਸਟੋਰ ਦੇ ਬਾਹਰ ਧਰਨਾ ਲਗਾਇਆ

ਜ਼ੀਰਕਪੁਰ 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਬੈਸਟ ਪ੍ਰਾਈਸ ਸਟੋਰ ਦਾ ਘਿਰਾਓ ਕਰਦੇ ਹੋਏ ਇਸ ਦੇ ਬਾਹਰ ਪੱਕਾ ਧਰਨਾ ਲਗਾ ਦਿੱਤਾ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਵਾਲਮਾਰਟ ਬੈਸਟ ਪ੍ਰਾਈਸ ਵੱਲੋਂ ਬਠਿੰਡਾ ਵਾਲੇ ਪਾਸੇ ਕੁਝ ਨੌਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਟੋਰ ਪ੍ਰਬੰਧਕਾਂ ਨੂੰ ਛੇਤੀ ਨੌਜਵਾਨਾਂ ਨੂੰ ਨੌਕਰੀ ’ਤੇ ਬਹਾਲ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਨਹੀਂ ਮੰਨੀ। ਇਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਉਗਰਾਹਾਂ ਧੜੇ ਵੱਲੋਂ ਸਾਰੇ ਬੈਸਟ ਪ੍ਰਾਈਸ ਸਟੋਰਾਂ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਗਾਂ ਮਨਵਾਉਣ ਲਈ ਹਫ਼ਤੇ ਲਈ ਧਰਨਾ ਲਾਇਆ ਗਿਆ ਹੈ ਜੇ ਛੇਤੀ ਮੰਗ ਨਾ ਮੰਨੀ ਤਾਂ ਉਹ ਅਗਲੀ ਰਣਨੀਤੀ ਤਿਆਰ ਕਰਨਗੇ।