ਟੋਰਾਂਟੋ : ਇੰਡੀਜੀਨਸ ਮਾਨਤਾਵਾਂ ਦੀ ਪੈਰਵੀ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਕੈਨੇਡੀਅਨਜ਼, ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼ ਦੀਆਂ ਕਹਾਣੀਆਂ ਸੁਣ ਕੇ, ਸੰਤਰੀ ਰੰਗ ਦੀਆਂ ਸ਼ਰਟਸ ਪਾ ਕੇ, ਮੂਲਵਾਸੀਆਂ ਨਾਲ ਸਬੰਧਤ ਕੰਮਾਂ ਲਈ ਡੋਨੇਸ਼ਨ ਦੇ ਕੇ ਤੇ ਕਾਰਵਾਈ ਲਈ ਨਿਰਧਾਰਤ 94 ਮਾਮਲਿਆਂ ਵਿੱਚੋਂ ਇੱਕ ਜਾਂ ਵੱਧ ਲਈ ਨਿਜੀ ਤੌਰ ਉੱਤੇ ਲੜਾਈ ਕਰਨ ਦੀ ਚੋਣ ਕਰਕੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲਿਏਸ਼ਨ ਮਨਾ ਸਕਦੇ ਹਨ।
ਫਰਸਟ ਨੇਸ਼ਨਜ਼ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਡਾਇਰੈਕਟਰ ਸਿੰਡੀ ਬਲੈਕਸਟੌਕ ਨੇ ਆਖਿਆ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਜ਼ ਤੇ ਮਰੇ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਸਨਮਾਨਿਤ ਕਰਨ ਲਈ ਮਨਾਏ ਜਾ ਰਹੇ ਪਹਿਲੇ ਫੈਡਰਲ ਡੇਅ ਦਰਮਿਆਨ ਸੱਭ ਦਾ ਸੁਰ ਅਫਸੋਸ ਵਾਲਾ ਹੋਣਾ ਚਾਹੀਦਾ ਹੈ।ਇਸ ਬਾਰੇ ਪਹੁੰਚ ਤੇ ਸੋਚ ਰਿਮੈਂਬਰੈਂਸ ਡੇਅ ਵਾਲੀ ਹੋਣੀ ਚਾਹੀਦੀ ਹੈ।ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਸੈਕਿੰਡ ਵਰਲਡ ਵਾਰ ਵਿੱਚ ਸੈਨਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਓਨੀ ਨਹੀਂ ਸੀ ਜਿੰਨੀ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਬੱਚਿਆਂ ਦੇ ਮਾਰੇ ਜਾਣ ਦੀ ਸੰਭਾਵਨਾ ਸੀ।
2015 ਵਿੱਚ ਪੇਸ਼ ਕੀਤੀ ਟਰੱੁਥ ਐਂਡ ਰੀਕੌਂਸੀਲਿਏਸ਼ਨ ਕਮਿਸ਼ਨ ( ਟੀ ਆਰ ਸੀ ) ਦੀ ਰਿਪੋਰਟ ਵਿੱਚ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਦੀਆਂ ਸਾਈਟਸ ਦਾ ਜਿ਼ਕਰ ਕੀਤਾ ਗਿਆ ਸੀ ਪਰ ਫੈਡਰਲ ਸਰਕਾਰ ਵੱਲੋਂ ਪਿੱਛੇ ਜਿਹੇ ਹੀ ਇਸ ਸਬੰਧ ਵਿੱਚ ਪੂਰਾ ਦਿਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।ਕਮਿਸ਼ਨ ਦੀ ਅਜਿਹਾ ਦਿਨ ਨਿਰਧਾਰਤ ਕਰਨ ਦੀ ਵੀ ਮੰਗ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ 1831 ਤੇ 1996 ਦਰਮਿਆਨ ਚਲਾਇਆ ਗਿਆ। ਇਨ੍ਹਾਂ ਸਕੂਲਾਂ ਦਾ ਮਕਸਦ ਮੂਲਵਾਸੀ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਥਾਂ ਇੰਗਲਿਸ਼ ਤੇ ਕ੍ਰਿਸ਼ਚੀਅਨ ਮਾਨਤਾਵਾਂ ਨੂੰ ਲਾਗੂ ਕਰਨਾ ਸੀ।ਅੰਦਾਜ਼ਨ 150,000 ਫਰਸਟ ਨੇਸ਼ਨਜ਼, ਮੈਟਿਸ ਤੇ ਇਨੁਇਟ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰਕੇ ਇਨ੍ਹਾਂ ਬੋਰਡਿੰਗ ਸਕੂਲਾਂ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ,ਜਿੱਥੇ ਘੱਟੋ ਘੱਟ 4100 ਵਿਦਿਆਰਥੀ ਮਾਰੇ ਗਏ।ਟੀ ਆਰ ਸੀ ਅਨੁਸਾਰ ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ 15,000 ਵੀ ਹੋ ਸਕਦੀ ਹੈ।
ਇਸ ਸਾਲ 30 ਸਤੰਬਰ ਨੂੰ ਪਹਿਲੀ ਵਾਰੀ ਸਾਰੇ ਫੈਡਰਲ ਕਰਮਚਾਰੀਆਂ ਤੇ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਕੰਮ ਵਾਲੀਆਂ ਥਾਂਵਾਂ ਦੇ ਮੁਲਾਜ਼ਮਾਂ ਲਈ ਛੁੱਟੀ ਐਲਾਨੀ ਗਈ ਹੈ।ਇਸ ਦਿਨ ਦੇਸ਼ ਭਰ ਵਿੱਚ ਫਰਸਟ ਨੇਸ਼ਨਜ਼ ਵੱਲੋਂ ਕਈ ਤਰ੍ਹਾਂ ਦੇ ਈਵੈਂਟਸ ਕੀਤੇ ਜਾਣਗੇ।