ਵੈਨਕੂਵਰ : ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਲਾਪਤਾ ਹੋਏ ਓਨਟਾਰੀਓ ਦੇ ਜੋੜੇ ਦੇ ਕਥਿਤ ਕਤਲ ਦੇ ਕਿਆਫਿਆਂ ਤੋਂ ਬਾਅਦ ਆਖਿਰਕਾਰ ਇੱਕ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਮਾਰਖਮ, ਓਨਟਾਰੀਓ ਦੀ 25 ਸਾਲਾ ਕ੍ਰਿਸਟੀ ਨਗੁਏਨ ਤੇ 37 ਸਾਲਾ ਕੁਓਕ ਟਰੈਨ 18 ਸਤੰਬਰ ਤੋਂ ਲਾਪਤਾ ਸਨ। ਯੌਰਕ ਰੀਜਨਲ ਪੁਲਿਸ ਦੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਨਗੁਏਨ ਤੇ ਟਰੈਨ ਦੋਵਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਨਾਲ ਕੋਈ ਨਾ ਕੋਈ ਗੜਬੜ ਹੋਣ ਦਾ ਸ਼ੱਕ ਉਨ੍ਹਾਂ ਨੂੰ ਪਹਿਲਾਂ ਹੀ ਹੋ ਗਿਆ ਸੀ। ਪੁਲਿਸ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਇਸ ਜੋੜੇ ਦਾ ਕਤਲ 18 ਸਤੰਬਰ ਨੂੰ 111 ਜੈਨਵੇਅ ਬੋਲੀਵੀਆਰਡ, ਜੋ ਕਿ ਵਾਅਨ, ਓਨਟਾਰੀਓ ਵਿੱਚ ਕਮਰਸ਼ੀਅਲ ਪ੍ਰਾਪਰਟੀ ਹੈ, ਹੀ ਕਰ ਦਿੱਤਾ ਗਿਆ ਹੋਵੇਗਾ।
ਸੁ਼ੱਕਰਵਾਰ ਨੂੰ ਯੌਰਕ ਰੀਜਨਲ ਪੁਲਿਸ ਨੇ ਐਲਾਨ ਕੀਤਾ ਕਿ ਵਾਅਨ, ਓਨਟਾਰੀਓ ਦੇ ਰੀਕਾਲਡੋ ਲੀਬਰਡ ਨੂੰ ਇਸ ਕਤਲ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਦੋਵਾਂ ਵਿੱਚੋਂ ਇੱਕ ਲਾਸ਼ ਵੈਟਫੋਰਡ, ਓਨਟਾਰੀਓ ਵਿੱਚ ਟਵਿੰਨ ਕ੍ਰੀਕਸ, ਲੈਂਡਫਿੱਲ ਤੇ ਐਨਵਾਇਰਮੈਂਟ ਸੈਂਟਰ ਤੋਂ ਬਰਾਮਦ ਕਰ ਲਈ ਗਈ ਹੈ। ਅਧਿਕਾਰੀ ਦੂਜੀ ਲਾਸ਼ ਲੱਭਣ ਦੀ ਵੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਨੂੰ ਇਹ ਲਾਸ਼ ਵੀ ਇਸ ਥਾਂ ਤੋਂ ਹੀ ਮਿਲਣ ਦੀ ਸੰਭਵਾਨਾ ਹੈ।
ਇਸ ਤੋਂ ਇਲਾਵਾ ਪੁਲਿਸ ਫੁਓਂਗ ਟੈਨ ਨਗੁਏਨ ਦਾ ਕੈਨੇਡਾ ਭਰ ਦਾ ਵਾਰੰਟ ਕੱਢ ਕੇ ਉਸ ਦੀ ਫਰਸਟ ਡਿਗਰੀ ਮਰਡਰ ਦੇ ਦੋ ਮਾਮਲਿਆਂ ਵਿੱਚ ਭਾਲ ਕਰ ਰਹੀ ਹੈ। ਪੁਲਿਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਆਖਿਆ ਸੀ ਕਿ ਉਸ ਦੇ ਟਰਾਂਟੋ ਏਰੀਆ ਛੱਡ ਕੇ ਫਰਾਰ ਹੋਣ ਦੀ ਸੰਭਾਵਨਾ ਹੈ।
ਲਾਪਤਾ ਜੋੜੇ ਵਿੱਚੋਂ ਪੁਲਿਸ ਨੂੰ ਇੱਕ ਦੀ ਮਿਲੀ ਲਾਸ਼, ਇੱਕ ਗ੍ਰਿਫਤਾਰ
