ਟੋਰਾਂਟੋ : ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਈਸਟ ਟੋਰਾਂਟੋ ਦੇ ਦੋ ਪੋਲਿੰਗ ਸਟੇਸ਼ਨਜ਼ ਵਿੱਚ ਜਾ ਕੇ ਵੋਟ ਪਾਉਣ ਵਾਲਿਆਂ ਨੂੰ ਕੋਵਿਡ-19 ਦੇ ਲੱਛਣਾਂ ਦਾ ਧਿਆਨ ਰੱਖਣ ਲਈ ਆਖਿਆ ਗਿਆ ਹੈ। ਪੋਲ ਵਰਕਰਜ਼ ਕਾਰਨ ਹੋਏ ਐਕਸਪੋਜ਼ਰ ਤੋਂ ਬਾਅਦ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਕਿਸੇ ਨੂੰ ਲੱਛਣ ਨਜ਼ਰ ਆਉਣ ਤਾਂ ਲੋੜ ਪੈਣ ਉੱਤੇ ਆਪਣਾ ਟੈਸਟ ਵੀ ਕਰਵਾਇਆ ਜਾਵੇ।
ਇਲੈਕਸ਼ਨਜ਼ ਕੈਨੇਡਾ ਨੇ ਟੋਰਾਂਟੋ ਪਬਲਿਕ ਹੈਲਥ ( ਟੀ ਪੀ ਐਚ ) ਨੂੰ ਦੱਸਿਆ ਕਿ 2570 ਸੇਂਟ ਕਲੇਅਰ ਐਵਨਿਊ ਈਸਟ ਉੱਤੇ ਸਥਿਤ ਪ੍ਰੈਸਟੀਨ ਹਾਈਟਸ ਐਲੀਮੈਂਟਰੀ ਸਕੂਲ ਵਿਖੇ 20 ਸਤੰਬਰ ਨੂੰ ਚੋਣਾਂ ਵਾਲੇ ਦਿਨ ਇੱਕ ਪੋਲ ਵਰਕਰ ਨੇ ਕੰਮ ਕੀਤਾ ਸੀ, ਬਾਅਦ ਵਿੱਚ ਟੈਸਟ ਕਰਵਾਏ ਜਾਣ ਉੱਤੇ ਉਹ ਕੋਵਿਡ-19 ਪਾਜ਼ੀਟਿਵ ਪਾਇਆ ਗਿਆ। ਇਹ ਵਰਕਰ ਵੋਟਿੰਗ ਸ਼ੁਰੂ ਹੋਣ ਸਮੇਂ ਸਵੇਰੇ 9:30 ਵਜੇ ਤੋਂ ਉਸ ਰਾਤ ਵੋਟਾਂ ਗਿਣੇ ਜਾਣ ਤੱਕ ਉੱਥੇ ਹੀ ਰਿਹਾ।
ਵੀਰਵਾਰ ਨੂੰ ਨੋਟਿਸ ਜਾਰੀ ਕਰਕੇ ਟੀ ਪੀ ਐਚ ਨੇ ਆਖਿਆ ਕਿ ਇਨ੍ਹਾਂ ਸੈਟਿੰਗਜ਼ ਉੱਤੇ ਹਾਜ਼ਰ ਹੋਏ ਲੋਕਾਂ ਨੂੰ ਖੁਦ ਦੀ ਨਿਗਰਾਨੀ ਕਰਨੀ ਹੋਵੇਗੀ ਤੇ ਜੇ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਫਰੀ ਟੈਸਟਿੰਗ ਵੀ ਕਰਵਾਉਣੀ ਹੋਵੇਗੀ। ਇਹ ਨੋਟਿਸ ਪਬਲਿਕ ਤੇ ਸਟਾਫ ਦੋਵਾਂ ਦੀ ਬਿਹਤਰੀ ਲਈ ਹੈ ਤੇ ਉਨ੍ਹਾਂ ਲਈ ਵੀ ਜਿਨ੍ਹਾਂ ਦਾ ਸੰਪੂਰਨ ਟੀਕਾਕਰਣ ਹੋ ਚੁੱਕਿਆ ਹੈ।ਟੀਪੀਐਚ ਨੇ ਆਖਿਆ ਕਿ ਉਹ ਉਨ੍ਹਾਂ ਸਾਰੇ ਲੋਕਾਂ ਨਾਲ ਸੰਪਰਕ ਕਰ ਚੁੱਕੀ ਹੈ ਜਿਹੜੇ ਉਸ ਦਿਨ ਇਸ ਸ਼ਖ਼ਸ ਦੇ ਸੰਪਰਕ ਵਿੱਚ ਆਏ ਤੇ ਉਨ੍ਹਾਂ ਨੂੰ ਟੈਸਟ ਕਰਵਾਉਣ ਲਈ ਵੀ ਆਖਿਆ ਜਾ ਚੁੱਕਿਆ ਹੈ।
ਇਸ ਤੋਂ ਇਲਾਵਾ ਏਜੰਸੀ ਵੱਲੋਂ ਐਡਵਾਂਸ ਪੋਲਿੰਗ ਦਿਨਾਂ ਦੌਰਾਨ ਪੋਲਿੰਗ ਵਾਲੀ ਥਾਂ ਨਾਲ ਸਬੰਧਤ ਇੱਕ ਹੋਰ ਕੋਵਿਡ-19 ਮਾਮਲੇ ਬਾਰੇ ਵੀ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਇਲੈਕਸ਼ਨਜ਼ ਕੈਨੇਡਾ ਨੇ ਆਖਿਆ ਕਿ 975 ਕਿੰਗਸਟਨ ਰੋਡ ਉੱਤੇ ਕਿੰਗਸਟਨ ਰੋਡ ਯੂਨਾਈਟਿਡ ਚਰਚ ਦੇ ਵਰਕਰਜ਼ ਐਡਵਾਂਸ ਪੋਲਿੰਗ ਵਿੱਚ ਕੰਮ ਕਰਨ ਤੋਂ ਬਾਅਦ ਕੋਵਿਡ-19 ਪਾਜ਼ੀਟਿਵ ਪਾਏ ਗਏ। ਇਨ੍ਹਾਂ ਨੇ 11 ਸਤੰਬਰ ਤੇ 12 ਸਤੰਬਰ ਦਰਮਿਆਨ ਸਵੇਰੇ 8:00 ਵਜੇ ਤੋਂ ਰਾਤ ਦੇ 9:30 ਵਜੇ ਤੱਕ ਕੰਮ ਕੀਤਾ ਸੀ।
ਦੋ ਪੋਲਿੰਗ ਸਟੇਸ਼ਨਜ਼ ਉੱਤੇ ਵੋਟਾਂ ਪਾਉਣ ਵਾਲਿਆਂ ਨੂੰ ਕੋਵਿਡ-19 ਦੇ ਲੱਛਣਾਂ ਦਾ ਧਿਆਨ ਰੱਖਣ ਦੀ ਹਦਾਇਤ
