Murder in Amritsar : ਨੂੰਹ ਨਾਲ ਚੱਲ ਰਿਹਾ ਸੀ ਝਗੜਾ, ਪੁੱਤ ਦੀ ਕੀਤੀ ਹੱਤਿਆ

ਅੰਮ੍ਰਿਤਸਰ : ਰਾਜਾਸਾਂਸੀ ਅਧੀਨ ਪੈਂਦੇ ਢਿੱਲੋਂ ਮੁਹੱਲੇ ਵਿਚ ਰਹਿਣ ਵਾਲੇ ਬਜ਼ੁਰਗ ਨੇ ਚਾਕੂ ਮਾਰ ਕੇ ਆਪਣੇ ਪੁੱਤਰ ਦੀ ਹੱਤਿਆ ਕਰ ਦਿੱਤੀ। ਉਸ ਦਾ ਕਸੂਰ ਇਹੋ ਸੀ ਕਿ ਉਹ ਆਪਣੇ ਪਿਤਾ ਤੇ ਪਤਨੀ ਵਿਚਕਾਰ ਝਗੜੇ ਨੂੰ ਸ਼ਾਂਤ ਕਰਵਾਉਣ ਚਾਹੁੰਦਾ ਸੀ। ਫਿਲਹਾਲ ਪੁਲਿਸ ਨੇ ਸੰਤੋਖ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਹੈ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਢਿੱਲੋਂ ਮੁਹੱਲੇ ਦੀ ਰਹਿਣ ਵਾਲੀ ਪਿੰਕੀ ਨੇ ਥਾਣਾ ਰਾਜਾ ਸਾਂਸੀ ਚ ਪੁਲਿਸ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦਾ ਵਿਆਹ ਲਵਲੀ ਸਿੰਘ ਨਾਲ ਹੋਇਆ ਸੀ। ਲਵਲੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਦੀ ਭੂਆ ਰਾਣੀ ਪਿਛਲੇ ਛੇ ਮਹੀਨੇ ਤੋਂ ਬਿਮਾਰ ਸੀ ਤੇ ਉਹ ਅਕਸਰ ਉਸ ਦੀ ਸੇਵਾ ਕਰਦੀ ਸੀ। ਬੀਤੇ ਦਿਨੀਂ ਉਸ ਦੀ ਭੂਆ ਨੇ ਖ਼ੁਸ਼ ਹੋ ਕੇ ਉਸ ਨੂੰ ਨਵੀਂ ਇਨੋਵਾ ਖ਼ਰੀਦ ਕੇ ਦਿੱਤੀ, ਤਾਂ ਕਿ ਲਵਲੀ ਇਸ ਇਨੋਵਾ ਦੇ ਰਾਹੀਂ ਟੂਰ ਐਂਡ ਟਰੈਵਲ ਦਾ ਕੰਮ ਕਰ ਸਕੇ। ਭੂਆ ਵੱਲੋਂ ਇਨੋਵਾ ਖ਼ਰੀਦ ਕੇ ਦੇਣ ਉਤੇ ਉਸ ਦਾ ਸਹੁਰਾ ਸੰਤੋਖ ਸਿੰਘ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਉਹ ਅਕਸਰ ਤਾਹਨੇ ਦਿੰਦਾ ਕਿ ਉਸ ਦੀ ਨੂੰਹ ਇਨੋਵਾ ਲੈ ਕੇ ਕਿਸੇ ਨਾਲ ਭੱਜ ਜਾਵੇਗਾ। ਪਿੰਕੀ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਸਹੁਰਾ ਸ਼ਰਾਬ ਦੇ ਨਸ਼ੇ ਚ ਘਰ ਪੁੱਜਾ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਾ। ਲਵਲੀ ਸਿੰਘ ਉਸ ਸਮੇਂ ਖਾਣਾ ਖਾ ਰਿਹਾ ਸੀ। ਉਸ ਨੇ ਵਿਵਾਦ ਨੂੰ ਸ਼ਾਂਤ ਕਰਾਉਣ ਦਾ ਯਤਨ ਕੀਤਾ। ਲਵਲੀ ਨੇ ਆਪਣੇ ਪਿਤਾ ਨੂੰ ਕਈ ਵਾਰ ਸਮਝਾਇਆ ਕਿ ਉਹ ਨੂੰਹ ਉਤੇ ਅਜਿਹੇ ਦੋਸ਼ ਨਾ ਲੱਗਾਵੇ। ਵੇਖਦੇ ਹੀ ਵੇਖਦੇ ਸੰਤੋਖ ਸਿੰਘ ਕਮਰੇ ਅੰਦਰ ਗਿਆ ਤੇ ਉਸ ਨੇ ਚਾਕੂ ਲਿਆ ਕੇ ਲਵਲੀ ਸਿੰਘ ਉੱਤੇ ਹਮਲਾ ਕਰ ਦਿੱਤਾ। ਲਵਲੀ ਖੂਨ ਨਾਲ ਲੱਥਪੱਥ ਜ਼ਮੀਨ ਉੱਤੇ ਤੜਪਦਾ ਰਿਹਾ ਤੇ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸਦੀ ਮੌਤ ਹੋ ਗਈ।