ਜਲੰਧਰ : ਹਾਕੀ ਦੀ ਨਰਸਰੀ ਰਹੇ ਸੰਸਾਰਪੁਰ ਤੇ ਮਿੱਠਾਪੁਰ ਨੂੰ ਮੁੜ ਖੇਡਾਂ ਦੇ ਖੇਤਰ ਵਿਚ ਉੱਚ ਮੁਕਾਮ ਉਪਰ ਲਿਆਉਣਾ ਪਹਿਲਕਦਮੀ ਹੋਵੇਗੀ। ਇਹ ਪ੍ਰਗਟਾਵਾ ਪੰਜਾਬ ਦੇ ਨਵੇਂ ਬਣੇ ਖੇਡ ਮੰਤਰੀ ਓਲੰਪੀਅਨ ਪਰਗਟ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰਪੁਰ ਜੋ ਕਿ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਰਿਹਾ ਹੈ ਅਤੇ ਇਸ ਪਿੰਡ ਨੇ ਨਾ ਸਿਰਫ ਭਾਰਤ ਨੂੰ ਓਲੰਪੀਅਨ ਖਿਡਾਰੀ ਦਿੱਤੇ ਹਨ ਬਲਕਿ ਇਥੋਂ ਪੈਦਾ ਹੋਏ ਹਾਕੀ ਖਿਡਾਰੀਆਂ ਨੇ ਹੋਰਨਾਂ ਦੇਸ਼ਾਂ ਵੱਲੋਂ ਵੀ ਹਾਕੀ ਖੇਡ ਕੇ ਸੰਸਾਰਪੁਰ ਦਾ ਨਾਮ ਕੌਮਾਂਤਰੀ ਪੱਧਰ ਉਪਰ ਹਾਕੀ ਦੇ ਨਕਸ਼ੇ ਉਤੇ ਉਭਾਰਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਭਾਰਤ ਦੀ ਹਾਕੀ ਟੀਮ ਵਿਚ ਓਲੰਪਿਕ ਖੇਡਾਂ ਦੌਰਾਨ ਸੰਸਾਰਪੁਰ ਦੇ ਇਕੋ ਵੇਲੇ ਸੱਤ ਦੇ ਕਰੀਬ ਖਿਡਾਰੀ ਖੇਡੇ ਸਨ। ਇਸ ਪਿੰਡ ਨੇ ਭਾਰਤੀ ਹਾਕੀ ਨੂੰ 19 ਦੇ ਕਰੀਬ ਓਲੰਪੀਅਨ ਅਤੇ ਸੈਂਕੜੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰ ਕੇ ਦਿੱਤੇ ਹਨ। ਖੇਡ ਮੰਤਰੀ ਪਰਗਟ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਆਪਣੇ ਪਿੰਡ ਮਿੱਠਾਪੁਰ ਦਾ ਵੀ ਹਾਕੀ ਜਗਤ ਵਿਚ ਨਾਮ ਰੌਸ਼ਨ ਹੋਇਆ ਹੈ। ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੋਈ ਹੈ ਅਤੇ ਉਨ੍ਹਾਂ ਤੋਂ ਬਾਅਦ ਮਨਪ੍ਰੀਤ ਸਿੰਘ ਵੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 41 ਸਾਲਾਂ ਬਾਅਦ ਓਲੰਪਿਕ ਖੇਡਾਂ ਵਿਚ ਭਾਰਤ ਨੂੰ ਹਾਕੀ ਵਿਚੋਂ ਮੈਡਲ ਦਿਵਾਉਣ ਵਾਲੀ ਹਾਕੀ ਟੀਮ ਵਿਚ ਮਿੱਠਾਪੁਰ ਦੇ ਤਿੰਨ ਖਿਡਾਰੀ ਸ਼ਾਮਲ ਸਨ। ਇਨ੍ਹਾਂ ਵਿਚ ਕਪਤਾਨ ਮਨਪ੍ਰੀਤ ਸਿੰਘ ਤੋਂ ਇਲਾਵਾ ਮਨਦੀਪ ਸਿੰਘ ਤੇ ਵਰੁਣ ਕੁਮਾਰ ਸ਼ਾਮਲ ਹਨ ਜਿਨ੍ਹਾਂ ਨੇ ਮਿੱਠਾਪੁਰ ਦਾ ਨਾਮ ਇਕ ਵਾਰ ਫਿਰ ਹਾਕੀ ਜਗਤ ਵਿਚ ਚਮਕਾਇਆ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਪੰਜਾਬ ਵਿਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਜੰਗੀ ਪੱਧਰ ਉੱਤੇ ਕੰਮ ਸ਼ੁਰੂ ਕਰਨਗੇ ਅਤੇ ਇਸ ਦੇ ਨਾਲ ਹੀ ਸੰਸਾਰਪੁਰ ਤੇ ਮਿੱਠਾਪੁਰ ਵਿਚ ਕੌਮਾਂਤਰੀ ਪੱਧਰ ਦਾ ਖੇਡ ਬੁਨਿਆਦੀ ਢਾਂਚਾ ਵਿਕਸਿਤ ਕਰਨਾ ਉਨ੍ਹਾਂ ਦੀ ਪਹਿਲਕਦਮੀ ਹੋਵੇਗਾ।
ਸੰਸਾਰਪੁਰ ਤੇ ਮਿੱਠਾਪੁਰ ਨੂੰ ਮੁੜ ਹਾਕੀ ਦੀ ਨਰਸਰੀ ਵਜੋਂ ਸਥਾਪਤ ਕਰਨਾ ਹੋਵੇਗੀ ਪਹਿਲਕਦਮੀ : ਪਰਗਟ ਸਿੰਘ
