ਆਸਟ੍ਰੇਲਿਆਈ ਸਰਕਾਰ ਨੇ ਕੌਮਾਂਤਰੀ ਯਾਤਰਾ ਤੋਂ ਪਾਬੰਦੀ ਹਟਾਉਣ ਦਾ ਲਿਆ ਫ਼ੈਸਲਾ, ਭਾਰਤੀ ਵੈਕਸੀਨ ਕੋਵੀਸ਼ੀਲਡ ਨੂੰ ਵੀ ਦਿਤੀ ਮਾਨਤਾ

ਮੈਲਬੌਰਨ : ਆਸਟ੍ਰੇਲੀਆ ਸਰਕਾਰ ਨੇ ਲੰਮੇ ਸਮੇਂ ਤੋ ਬੰਦ ਪਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਪਾਬੰਦੀ ਹਟਾੳੇੁਣ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾੱਟ ਮਾਰੀਸਨ ਨੇ ਇਕ ਪ੍ਰੈਸ ਮਿਲਣੀ ਦੌਰਾਨ ਇਹ ਜਾਣਕਾਰੀ ਦਿੱਤੀ। ਮੋਰਿਸਨ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਕਿ ਲੋਕ ਮੁੜ ਪਹਿਲਾਂ ਵਾਲੀ ਜ਼ਿੰਦਗੀ ਜੀਅ ਸਕਣ। ਮੋਰਸਿਨ ਨੇ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਯਾਤਰਾ ਨੂੰ ਨਵੰਬਰ ‘ਚ ਸ਼ੂਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਉਦੋਂ ਤਕ ਆਸਟ੍ਰੇਲੀਆ ਕੋਵਿਡ ਟੀਕਾਕਰਨ ਦੇ ਆਪਣੇ 80 ਫ਼ੀਸਦ ਟੀਚੇ ਤਕ ਵੀ ਪਹੁੰਚ ਜਾਵੇਗਾ। ਮਾਰਸਿਨ ਨੇ ਕਿਹਾ ਕਿ ਹਵਾਈ ਯਾਤਰਾ ਨੂੰ ਲੈ ਕੇ ਨਵੇਂ ਨਿਯਮਾਂ ਤੇ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ ਜੋੋ ਕਿ ਆਉਂਦੇ ਦਿਨਾਂ ‘ਚ ਲਾਗੂ ਹੋਣਗੇ। ਇਸ ਦੇ ਲਈ ਇਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਪਰਤਣ ਵਾਲੇ ਆਸਟ੍ਰੇਲਿਆਈ ਨਾਗਰਿਕਾਂ ਤੇ ਸਥਾਈ ਨਾਗਰਿਕਾਂ ਨੂੰ ਆਸਟ੍ਰੇਲੀਆ ਆਉਣ ਤੇ ਆਪਣੇ ਘਰ ‘ਚ ਹੀ ਸੱਤ ਦਿਨਾਂ ਦੇ ਲਈ ਇਕਾਂਤਵਾਸ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋ ਪਹਿਲਾਂ ਹੋਟਲ ਜਾਂ ਸਰਕਾਰ ਵਲੋਂ ਅਧਿਕਾਰਤ ਸਥਾਨ ਤੇ ਹੀ 14 ਦਿਨਾਂ ਦਾ ਇਕਾਂਤਵਾਸ ਕੀਤਾ ਜਾਂਦਾ ਸੀ। ਆਉਦੇ ਦਿਨਾਂ ‘ਚ ਨਿਊ ਸਾਊਥ ਵੇਲਜ਼ ਤੇ ਸਾਊਥ ਆਸਟ੍ਰੇਲੀਆ ਇਸ ਬਾਬਤ ਇੱਕ ਪਰੀਖਣ ਵੀ ਸ਼ੂਰੂ ਕਰਨ ਜਾ ਰਹੇ ਹਨ।