ਨਵੀਂ ਦਿੱਲੀ : ਮਸ਼ਹੂਰ ਪਾਕਿਸਤਾਨੀ ਕਾਮੇਡੀਅਨ ਉਮਰ ਸ਼ਰੀਫ ਦਾ ਦੇਹਾਂਤ ਹੋ ਗਿਆ। ਉਮਰ ਸ਼ਰੀਫ ਮਹਿਜ਼ 66 ਸਾਲ ਦੇ ਸਨ। ਉਮਰ ਸ਼ਰੀਫ ਦਾ ਜਰਮਨੀ ‘ਚ ਇਲਾਜ ਚੱਲ ਰਿਹਾ ਸੀ, ਇਸੇ ਦੌਰਾਨ ਉਨ੍ਹਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਬੀਤੇ ਸਾਲ ਉਮਰ ਸ਼ਰੀਫ ਦੀ ਬਾਈਪਾਸ ਸਰਜਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਲਗਾਤਾਰ ਗਿਰਾਵਟ ਆਉਂਦੀ ਜਾ ਰਹੀ ਸੀ ਜਿਸ ਤੋਂ ਬਾਅਦ 2 ਅਕਤੂਬਰ ਨੂੰ ਉਨ੍ਹਾਂ ਨੇ ਜਰਮਨੀ ‘ਚ ਹੀ ਇਲਾਜ ਦੌਰਾਨ ਦਮ ਤੋੜ ਦਿੱਤਾ।
ਉਮਰ ਸ਼ਰੀਫ ਦੇ ਦੇਹਾਂਤ ਦੀ ਖਬਰ ਜਰਮਨੀ ‘ਚ ਪਾਕਿਸਤਾਨ ਦੇ ਅੰਬੈਸਰ ਡਾਕਟਰ ਮੁਹੰਮਦ ਫੈਜ਼ਲ ਨੇ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਆਪਣੇ ਟਵੀਟ ‘ਚ ਲਿਖਿਆ, ਮੈਂ ਬੇਹੱਦ ਦੁਖ ਦੇ ਨਾਲ ਦੱਸ ਰਿਹਾ ਹਾਂ ਕਿ ਸ਼੍ਰੀ ਉਮਰ ਰਿਆਜ਼ ਦਾ ਜਰਮਨੀ ‘ਚ ਦੇਹਾਂਤ ਹੋ ਗਿਆ ਹੈ। ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਦੇ ਨਾਲ ਹੈ। ਪਰਿਵਾਰ ਦੀ ਹਰ ਤਰ੍ਹਾਂ ਨਾਲ ਮਦਦ ਲਈ ਸਾਡੇ CG ਹਸਪਤਾਲ ‘ਚ ਮੌਜੂਦ ਹਨ।’ਖ਼ਬਰਾਂ ਮੁਤਾਬਕ 28 ਸਤੰਬਰ ਨੂੰ ਉਮਰ ਸ਼ਰੀਫ ਨੂੰ ਏਅਰ ਐਂਬੂਲੈਂਸ ਜ਼ਰੀਏ ਅਮਰੀਕਾ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ‘ਚ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਲਦੀ-ਜਲਦੀ ‘ਚ ਉਨ੍ਹਾਂ ਨੂੰ ਜਰਮਨੀ ‘ਚ ਹੀ ਰੋਕਣਾ ਪਿਆ ਤੇ ਉੱਥੇ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਮਰ ਸ਼ਰੀਫ ਨੇ ਹਾਲ ਹੀ ‘ਚ ਇਕ ਵੀਡੀਓ ਜ਼ਰੀਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਦੇਸ਼ ‘ਚ ਇਲਾਜ ਲਈ ਵੀਜ਼ਾ ਦਿਵਾਉਣ ਦੀ ਅਪੀਲ ਕੀਤੀ। ਉਮਰ ਸ਼ਰੀਫ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਫੈਨਜ਼ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਵੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ।