ਚੰਡੀਗੜ੍ਹ,
ਪੰਜਾਬ ਕਾਂਗਰਸ ਦੇ ਪ੍ਰਧਾਨ ਨਜਵੋਤ ਸਿੱਧੂ ਨੇ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਹੁਣ ਆਪਣੀ ਹੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ| ਸਿੱਧੂ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੁਆਲ ਖੜ੍ਹੇ ਕੀਤੇ ਹਨ| ਇਸ ਤੋਂ ਪਹਿਲਾਂ ਸਿੱਧੂ 18 ਨੁਕਾਤੀ ਏਜੰਡੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਦੇ ਆਏ ਸਨ। ਸਿੱਧੂ ਨੂੰ ਮਨਾਉਣ ਲਈ ਮੀਟਿੰਗ ਹੋਈ ਸੀ, ਜਿਸ ਵਿਚ ਤਿੰਨ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਸੀ| ਉਧਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਨਵੇਂ ਡੀਜੀਪੀ ਦੀ ਨਿਯੁਕਤੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਨੇ 30 ਸਾਲ ਤੋਂ ਵੱਧ ਸਰਵਿਸ ਵਾਲੇ ਸਾਰੇ ਅਫ਼ਸਰਾਂ ਦੇ ਨਾਮ ਕੇਂਦਰ ਨੂੰ ਭੇਜੇ ਹਨ| ਉਨ੍ਹਾਂ ਕਿਹਾ ਕਿ ਉਹ ਕੇਂਦਰ ਵੱਲੋਂ ਭੇਜੇ ਜਾਣ ਵਾਲੇ ਤਿੰਨ ਅਫ਼ਸਰਾਂ ਦੇ ਪੈਨਲ ਦੀ ਉਡੀਕ ਕਰ ਰਹੇ ਹਨ| ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਰਾਏ ਕਰਕੇ ਡੀਜੀਪੀ ਦਾ ਨਾਮ ਤੈਅ ਕੀਤਾ ਜਾਵੇਗਾ| ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਿਯੁਕਤੀਆਂ ਦੇ ਮਾਮਲੇ ਵਿਚ ਇਕੱਲੇ ਸਿੱਧੂ ਨਾਲ ਨਹੀਂ ਸਗੋਂ ਸਾਰਿਆਂ ਨਾਲ ਮਸ਼ਵਰੇ ਮਗਰੋਂ ਨਾਮ ਤੈਅ ਹੋਣਗੇ| ਉਧਰ, ਸਿੱਧੂ ਵੱਲੋਂ ਕੀਤੇ ਗਏ ਅੱਜ ਦੇ ਟਵੀਟ ਤੋਂ ਇੰਜ ਜਾਪਦਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਉਨ੍ਹਾਂ ਦੇ ਸੁਰ ਨਹੀਂ ਮਿਲੇ| ਹਾਲਾਂਕਿ ਪੰਜਾਬ ਸਰਕਾਰ ਨੇ ਨਵਾਂ ਡੀਜੀਪੀ ਲਾਉਣ ਲਈ ਯੂਪੀਐੱਸਸੀ ਨੂੰ 10 ਨਾਮ ਭੇਜੇ ਹਨ| ਸਿੱਧੂ ਨੇ ਅੱਜ ਦੇ ਟਵੀਟ ਵਿਚ ਵਜ਼ਾਰਤ ਵਿਚ ਸ਼ਾਮਲ ਦਾਗ਼ੀ ਵਜ਼ੀਰਾਂ ਦੀ ਗੱਲ ਨਹੀਂ ਕੀਤੀ ਹੈ ਅਤੇ ਸਿਰਫ਼ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਹੀ ਸਿਆਸੀ ਉਂਗਲ ਖੜ੍ਹੀ ਕੀਤੀ ਹੈ| ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਬੇਅਦਬੀ ਅਤੇ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿਚ ਨਿਆਂ ਦੀ ਗੱਲ ਕਰਦਿਆਂ ਕਾਂਗਰਸ ਸਰਕਾਰ 2017 ਵਿਚ ਬਣੀ ਸੀ| ਸਰਕਾਰ ਦੀ ਅਸਫ਼ਲਤਾ ਕਾਰਨ ਹੀ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਉਤਾਰ ਦਿੱਤਾ| ਹੁਣ ਡੀਜੀਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ| ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਸੂਰਤ ਵਿਚ ਬਦਲਣਾ ਪਵੇਗਾ, ਨਹੀਂ ਤਾਂ ਉਹ (ਕਾਂਗਰਸ) ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ| ਸਿੱਧੂ ਦੀ ਪ੍ਰਧਾਨਗੀ ਬਾਰੇ ਵੀ ਭੇਤ ਬਰਕਰਾਰ ਹੈ ਅਤੇ ਉਨ੍ਹਾਂ ਕਾਂਗਰਸ ਭਵਨ ਵਿਚ ਆਪਣੀ ਸਰਗਰਮੀ ਘਟਾ ਦਿੱਤੀ ਹੈ|
ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਵੀ ਅੱਜ ਕਿਹਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਕੰਮ ’ਚ ਜੁਟੇ ਹੋਏ ਹਨ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇੱਕ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋ ਜਾਵੇਗੀ।
ਪੰਜਾਬ ਦੇ ਕਿਸਾਨ ਇਸ ਗੱਲੋਂ ਕਾਫ਼ੀ ਹੈਰਾਨ ਹਨ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਦੇ ਮੁੱਦਿਆਂ ’ਤੇ ਖਾਮੋਸ਼ ਕਿਉਂ ਹਨ। ਨਰਮਾ ਪੱਟੀ ਵਿਚ ਗੁਲਾਬੀ ਸੁੰਡੀ ਨੇ ਫ਼ਸਲ ਤਬਾਹ ਕਰ ਦਿੱਤੀ ਹੈ ਅਤੇ ਇਸੇ ਕਰਕੇ ਦੋ ਹਫ਼ਤਿਆਂ ਵਿਚ ਅੱਧੀ ਦਰਜਨ ਕਿਸਾਨ ਖ਼ੁਦਕੁਸ਼ੀ ਵੀ ਕਰ ਚੁੱਕੇ ਹਨ। ਕਿਸਾਨਾਂ ਨੇ ਕਿਹਾ ਕਿ ਸਿੱਧੂ ਨੇ ਇਸ ਮਾਮਲੇ ’ਤੇ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ ਹੈ। ਇਸੇ ਤਰ੍ਹਾਂ ਫ਼ਸਲੀ ਖ਼ਰੀਦ ਮੁਲਤਵੀ ਕਰਨ ਦੇ ਮਾਮਲੇ ’ਤੇ ਵੀ ਉਹ ਇੱਕ ਟਵੀਟ ਵੀ ਨਹੀਂ ਕਰ ਸਕੇ।