ਚੰਡੀਗੜ੍ਹ,
ਕੇਂਦਰੀ ਅੜਿੱਕੇ ਦੂਰ ਹੋਣ ਮਗਰੋਂ ਅੱਜ ਪੰਜਾਬ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ| ਪਿਛਲੇ ਵਰ੍ਹੇ ਨਾਲੋਂ ਇਸ ਵਾਰ ਖ਼ਰੀਦ ਦੋ ਦਿਨ ਪੱਛੜ ਕੇ ਸ਼ੁਰੂ ਹੋਈ ਹੈ| ਕੇਂਦਰ ਸਰਕਾਰ ਨੇ ਪਹਿਲਾਂ ਝੋਨੇ ਦੀ ਖ਼ਰੀਦ 11 ਅਕਤੂਬਰ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਕਿਸਾਨਾਂ ਅੱਗੇ ਝੁਕਦਿਆਂ 3 ਅਕਤੂਬਰ ਤੋਂ ਹੀ ਖ਼ਰੀਦ ਸ਼ੁਰੂ ਕਰਨ ਦੀ ਰਜ਼ਾਮੰਦੀ ਦੇ ਦਿੱਤੀ ਗਈ ਸੀ| ਮੌਜੂਦਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੀ ਇਹ ਆਖ਼ਰੀ ਫ਼ਸਲੀ ਖ਼ਰੀਦ ਹੈ ਜਿਸ ਕਰਕੇ ਵਜ਼ਾਰਤ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ| ਅੱਜ ਪਹਿਲੇ ਦਿਨ ਮੰਡੀਆਂ ਵਿੱਚ ਤਕਰੀਬਨ 50 ਹਜ਼ਾਰ ਮੀਟਰਿਕ ਟਨ ਆਮਦ ਹੋਈ ਜਿਸ ਵਿੱਚੋਂ 21,443 ਮੀਟਰਿਕ ਟਨ ਦੀ ਖ੍ਰੀਦ ਹੋਈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ’ਚੋਂ ਆਉਣ ਵਾਲੇ ਝੋਨੇ ਦੇ ਰਾਹ ਰੋਕਣ ਲਈ ਅੰਤਰਰਾਜੀ ਸਰਹੱਦਾਂ ’ਤੇ ਦਿਨ-ਰਾਤ ਦੇ ਨਾਕੇ ਲਗਾ ਦਿੱਤੇ ਹਨ ਜਿਨ੍ਹਾਂ ਦੀ ਗਿਣਤੀ 20 ਦੱਸੀ ਜਾ ਰਹੀ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਰਿੰਡਾ ਦੇ ਖ਼ਰੀਦ ਕੇਂਦਰ ’ਚ ਜੀਰੀ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ| ਮੁੱਖ ਮੰਤਰੀ ਨੇ ਕਿਸਾਨਾਂ ਨੂੰ ਫ਼ਸਲ ਸੁਕਾ ਕੇ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਕਿਸਾਨਾਂ ਦਾ ਇਕ-ਇਕ ਦਾਣਾ ਸਰਕਾਰ ਚੁੱਕੇਗੀ| ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੰਤਰੀ ਗੁਰਕੀਰਤ ਕੋਟਲੀ ਨੇ ਖੰਨਾ ਦੀ ਅਨਾਜ ਮੰਡੀ ਵਿਚ ਫ਼ਸਲੀ ਖ਼ਰੀਦ ਦਾ ਮਹੂਰਤ ਕੀਤਾ| ਸਾਰੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਆਪੋ ਆਪਣੇ ਹਲਕਿਆਂ ’ਚ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਹੈ| ਚੰਨੀ ਸਰਕਾਰ ਲਈ ਇਹ ਖ਼ਰੀਦ ਚੁਣੌਤੀ ਭਰਪੂਰ ਹੈ ਕਿਉਂਕਿ ਪਿਛਲੇ ਦਿਨਾਂ ਵਿਚ ਮੀਂਹ ਕਰ ਕੇ ਝੋਨੇ ਵਿਚ ਨਮੀ ਦੇ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ| ਪੰਜਾਬ ਸਰਕਾਰ ਤਰਫ਼ੋਂ ਐਤਕੀਂ 191 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਜਦੋਂ ਕਿ ਕੇਂਦਰ ਸਰਕਾਰ ਨੇ 171 ਲੱਖ ਮੀਟਰਿਕ ਟਨ ਝੋਨਾ ਖ਼ਰੀਦਣ ਦੀ ਗੱਲ ਆਖੀ ਹੈ| ਝੋਨੇ ਦੀ ਖ਼ਰੀਦ ਦੇ ਪਹਿਲੇ ਦਿਨ ਅੱਜ ਮਾਲਵੇ ਦੀਆਂ ਮੰਡੀਆਂ ਵਿਚ ਬਹੁਤੀ ਫ਼ਸਲ ਨਹੀਂ ਆਈ ਪ੍ਰੰਤੂ ਸਰਹੱਦੀ ਜ਼ਿਲ੍ਹਿਆਂ ਤੋਂ ਇਲਾਵਾ ਦੁਆਬੇ ਵਿਚ ਕਾਫ਼ੀ ਫ਼ਸਲ ਦੀ ਆਮਦ ਹੋ ਚੁੱਕੀ ਹੈ| ਮਾਲਵੇ ’ਚੋਂ ਰਾਜਪੁਰਾ, ਸਰਹੰਦ ਅਤੇ ਅਮਲੋਹ ਦੇ ਖ਼ਰੀਦ ਕੇਂਦਰਾਂ ’ਤੇ ਕਾਫ਼ੀ ਫ਼ਸਲ ਪੁੱਜੀ ਹੈ| ਮਾਰਕਫੈੱਡ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ’ਤੇ ਧੀਮੀ ਗਤੀ ਨਾਲ ਜੀਰੀ ਦੀ ਆਮਦ ਸ਼ੁਰੂ ਹੋਈ ਹੈ|
ਪੰਜਾਬ ’ਚ ਝੋਨੇ ਦੀ ਰੀਸਾਇਕਲਿੰਗ/ਬੋਗਸ ਬਿਲਿੰਗ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਹਰੇਕ ਜ਼ਿਲ੍ਹੇ ਵਿਚ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਹਰੇਕ ਮਾਰਕੀਟ ਕਮੇਟੀ ਦੇ ਪੱਧਰ ’ਤੇ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ/ਚੌਲ ਦੀ ਚੈਕਿੰਗ ਕਰਨ ਲਈ ਉੱਡਣ ਦਸਤੇ ਬਣਨਗੇ| ਇਨ੍ਹਾਂ ਦਸਤਿਆਂ ਵੱਲੋਂ ਮਾਰਕੀਟ ਕਮੇਟੀ ਪੱਧਰ ਦੀਆਂ ਮੰਡੀਆਂ ਵਿਚ ਖ਼ਾਸ ਤੌਰ ’ਤੇ ਰੋਜ਼ਾਨਾ ਚੈਕਿੰਗ ਕਰਦੇ ਹੋਏ ਗੈਰਕਾਨੂੰਨੀ ਝੋਨੇ/ਚੌਲਾਂ ਦੇ ਪਾਏ ਜਾਣ ਵਾਲੇ ਟਰੱਕ ਅਤੇ ਗੁਦਾਮ ਜ਼ਬਤ ਕਰਦਿਆਂ ਰਿਪੋਰਟ ਡਿਪਟੀ ਕਮਿਸ਼ਨਰਾਂ ਨੂੰ ਸੌਂਪੀ ਜਾਵੇਗੀ|