ਕਮਲਨਾਥ ਵੱਲੋਂ ਚੌਹਾਨ ਨੂੰ ਦੌੜ ਲਾਉਣ ਦੀ ਚੁਣੌਤੀ

ਭੁਪਾਲ 

ਆਪਣੀ ਸਿਹਤ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ (74) ਨੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਆਪਣੇ ਨਾਲ ਦੌੜ ਲਾਉਣ ਦੀ ਚੁਣੌਤੀ ਦਿੱਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਕਿੰਨਾ ਕੁ ਤੰਦਰੁਸਤ ਹੈ। ਜ਼ਿਕਰਯੋਗ ਹੈ ਕਿ ਚੌਹਾਨ ਸਾਬਕਾ ਮੁੱਖ ਮੰਤਰੀ ਤੋਂ 12 ਸਾਲ ਛੋਟੇ ਹਨ। ਕਮਲਨਾਥ ਨੇ ਫਿਟਨੈੱਸ ਚੈੱਕ ਕਰਨ ਦੀ ਚੁਣੌਤੀ ਉਸ ਸਮੇਂ ਦਿੱਤੀ ਹੈ ਜਦੋਂ ਚੌਹਾਨ ਵਾਰ-ਵਾਰ ਉਨ੍ਹਾਂ ਦੀ ਉਮਰ ਅਤੇ ਸਿਹਤ ਨੂੰ ਨਿਸ਼ਾਨਾ ਬਣਾਉਂਦਿਆਂ ਆਖਦੇ ਹਨ ਕਿ ਕਮਲਨਾਥ ਦਿੱਲੀ ’ਚ ਆਰਾਮ ਫਰਮਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਕਮਲਨਾਥ ਨੇ ਬਿਆਨ ’ਚ ਕਿਹਾ,‘‘ਮੇਰੀ ਸਿਹਤ ਨੂੰ ਲੈ ਕੇ ਬਹੁਤ ਚਰਚਾ ਹੁੰਦੀ ਰਹਿੰਦੀ ਹੈ। ਸ਼ਿਵਰਾਜ ਜੀ ਆਖਦੇ ਹਨ ਕਿ ਕਮਲਨਾਥ ਬਿਮਾਰ ਅਤੇ ਬੁੱਢਾ ਹੈ। ਸ਼ਿਵਰਾਜ ਜੀ, ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਆਓ ਆਪਾਂ ਇਕੱਠਿਆਂ ਦੌੜ ਲਗਾ ਕੇ ਦੇਖ ਲੈਂਦੇ ਹਾਂ ਕਿ ਅੱਗੇ ਕੌਣ ਰਹਿੰਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਕੋਵਿਡ-19 ਹੋਣ ਮਗਰੋਂ ਚੈੱਕਅਪ ਲਈ ਗਏ ਸਨ ਕਿਉਂਕਿ ਉਨ੍ਹਾਂ ਨੂੰ ਨਮੂਨੀਆ ਹੋਇਆ ਸੀ ਅਤੇ ਸਾਰੇ ਟੈਸਟ ਕਰਵਾਏ ਸਨ ਜਿਨ੍ਹਾਂ ਦੀਆਂ ਸਾਰੀਆਂ ਰਿਪੋਰਟਾਂ ਠੀਕ ਆਈਆਂ ਹਨ। ‘ਕਈ ਜ਼ਿੰਮੇਵਾਰੀਆਂ ਹੋਣ ਕਰਕੇ ਮੈਂ ਦਿੱਲੀ ’ਚ ਸੀ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਬਿਮਾਰ ਸੀ ਅਤੇ ਆਰਾਮ ਕਰ ਰਿਹਾ ਸੀ।’ ਕਾਂਗਰਸ ਤਰਜਮਾਨ ਭੁਪੇਂਦਰ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਮਲਨਾਥ ਨੇ ਢੁੱਕਵਾਂ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਚੌਹਾਨ ਨੂੰ ਇਹ ਚੇਤੇ ਰਖਣਾ ਚਾਹੀਦਾ ਹੈ ਕਿ ਕਮਲਨਾਥ ਨੇ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਨੂੰ ਹਰਾਇਆ ਸੀ। ਉਧਰ ਭਾਜਪਾ ਦੇ ਸੀਨੀਅਰ ਆਗੂ ਦੀਪਕ ਵਿਜੈਵਰਗੀਯ ਨੇ ਕਿਹਾ ਕਿ ਭਾਜਪਾ ਵਿਕਾਸ ਅਤੇ ਲੋਕਾਂ ਦੀ ਤੰਦਰੁਸਤੀ ਲਈ ਦੌੜ ਲਗਾਉਂਦੀ ਹੈ ਪਰ ਕਾਂਗਰਸ ਡਰਾਇੰਗ ਰੂਮਾਂ ’ਚ ਬੈਠ ਕੇ ਟਵਿੱਟਰ ’ਤੇ ਦੌੜ ਲਗਾ ਕੇ ਡਿੱਗ ਪੈਂਦੀ ਹੈ। ਉਨ੍ਹਾਂ ਕਿਹਾ ਕਿ 30 ਅਕਤੂਬਰ ਦੀਆਂ ਜ਼ਿਮਨੀ ਚੋਣਾਂ ’ਚ ਲੋਕ ਫ਼ੈਸਲਾ ਕਰ ਦੇਣਗੇ ਕਿ ਜੇਤੂ ਕੌਣ ਹੈ। ਚੌਹਾਨ ਨੂੰ ਵੀ ਪਿਛਲੇ ਸਾਲ ਕਰੋਨਾਵਾਇਰਸ ਹੋਇਆ ਸੀ ਅਤੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਾਉਣ ਮਗਰੋਂ ਉਨ੍ਹਾਂ ਨੂੰ ਛੁੱਟੀ ਮਿਲੀ ਸੀ।