ਕਰੋਨਾ: 22842 ਨਵੇਂ ਕੇਸ, 244 ਹੋਰ ਮੌਤਾਂ

ਨਵੀਂ ਦਿੱਲੀ 

ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਦੀ ਲਾਗ ਦੇ 22,842 ਨਵੇਂ ਕੇਸ ਰਿਪੋਰਟ ਹੋਏ ਹਨ, ਜਿਸ ਨਾਲ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,38,13,903 ਹੋ ਗਈ ਹੈ। ਇਨ੍ਹਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 2,70,557 ਰਹਿ ਗਈ ਹੈ, ਜੋ ਪਿਛਲੇ 199 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਸਵੇਰੇ ਅੱਠ ਵਜੇ ਤੱਕ ਨਵਿਆਏ ਅੰਕੜਿਆਂ ਮੁਤਾਬਕ 244 ਹੋਰ ਮੌਤਾਂ ਨਾਲ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ 4,48,817 ਨੂੰ ਅੱਪੜ ਗਿਆ ਹੈ। ਕਰੋਨਾ ਦੇ ਕੁੱਲ ਸਰਗਰਮ ਕੇਸ ਕੁੱਲ ਕੇਸਲੋਡ ਦਾ 0.80 ਫੀਸਦ ਹੈ, ਜੋ ਮਾਰਚ 2020 ਮਗਰੋਂ ਸਭ ਤੋਂ ਹੇਠਲਾ ਅੰਕੜਾ ਹੈ। ਕਰੋਨਾ ਤੋਂ ਸਿਹਤਯਾਬ ਹੋਣ ਦੀ ਕੌਮੀ ਦਰ 97.87 ਫੀਸਦ ਰਿਕਾਰਡ ਕੀਤੀ ਗਈ ਹੈ, ਜੋ ਮਾਰਚ 2020 ਤੋਂ ਸਿਖਰਲਾ ਪੱਧਰ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਵਿੱਚ 3332 ਕੇਸਾਂ ਦਾ ਨਿਘਾਰ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 88.94 ਕਰੋੜ ਕੋਵਿਡ-19 ਵੈਕਸੀਨ ਖੁਰਾਕਾਂ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 5.38 ਕਰੋੜ ਤੋਂ ਵੱਧ ਅਣਵਰਤੀਆਂ ਵੈਕਸੀਨ ਖੁਰਾਕਾਂ ਅਜੇ ਵੀ ਰਾਜਾਂ ਤੇ ਯੂਟੀਜ਼ ਕੋਲ ਮੌਜੂਦ ਹਨ। -ਪੀਟੀਆਈ

ਚੰਡੀਗੜ੍ਹ (ਟਨਸ): ਪੰਜਾਬ ’ਚ 24 ਘੰਟਿਆਂ ਵਿੱਚ ਕਰੋਨਾਵਾਇਰਸ ਕਾਰਨ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ’ਚ 25 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 18 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ਵਿੱਚ 286 ਸਰਗਰਮ ਕੇਸ ਹਨ। ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 16520 ’ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਦੇ 11 ਨਵੇਂ ਕੇਸ ਸਾਹਮਣੇ ਆਏ ਹਨ ਅਤੇ 9 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਹਰਿਆਣਾ ’ਚ 113 ਸਰਗਰਮ ਕੇਸ ਹਨ। ਸਿਹਤ ਅਨੁਸਾਰ ਅੱਜ ਕਰੋਨਾ ਕਾਰਨ ਕੋਈ ਮੌਤ ਨਹੀਂ ਹੋਈ।