ਪ੍ਰਧਾਨ ਮੰਤਰੀ ਮੋਦੀ ਦੀ ਮਾਂ ਹਿਰਾਬਾ ਨੇ ਵੋਟ ਪਾਈ

ਅਹਿਮਦਾਬਾਦ 

ਗਾਂਧੀਨਗਰ ਨਗਰ ਨਿਗਮ (ਜੀਐੱਮਸੀ) ਦੀਆਂ ਚੋਣਾਂ ਲਈ ਅੱਜ ਹੋਏ ਮਤਦਾਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹਿਰਾਬਾ ਨੇ ਆਪਣੀ ਵੋਟ ਪਾਈ ਹੈ। ਹਿਰਾਬਾ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 10 ਵਿੱਚ ਪਿੰਡ ਰੇਸਾਨ ਦੇ ਸਰਕਾਰੀ ਸਕੂਲ ਵਿੱਚ ਬੂਥ ’ਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਉਹ ਰੇਸਾਨ ਪਿੰਡ ਵਿੱਚ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿੰਦੇ ਹਨ। ਉਨ੍ਹਾਂ ਦੀ ਨੂੰਹ ਅਤੇ ਹੋਰ ਜਣੇ ਵੀ ਪੋਲਿੰਗ ਬੂਥ ’ਤੇ ਉਨ੍ਹਾਂ ਦੇ ਨਾਲ ਗਏ। ਜ਼ਿਕਰਯੋਗ ਹੈ ਕਿ ਗਾਂਧੀਨਗਰ ਨਗਰ ਨਿਗਮ ਦੀਆਂ 44 ਸੀਟਾਂ ’ਤੇ ਹੋ ਰਹੀ ਚੋਣ ਲਈ 161 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਭਾਜਪਾ ਤੇ ਕਾਂਗਰਸ ਦੇ 44-44 ਜਦਕਿ ‘ਆਪ’ ਦੇ 40 ਉਮੀਦਵਾਰ ਸ਼ਾਮਲ ਹਨ।