ਓਟਵਾ : ਦੁਨੀਆਂ ਦੇ ਸੈਂਕੜੇ ਆਗੂ, ਤਾਕਤਵਰ ਸਿਆਸਤਦਾਨ, ਅਰਬਪਤੀ, ਸੈਲੇਬ੍ਰਿਟੀਜ਼, ਧਾਰਮਿਕ ਆਗੂ ਤੇ ਡਰੱਗ ਡੀਲਰਜ਼ ਆਪਣੇ ਪੈਸੇ ਨੂੰ ਪਿਛਲੀ ਚੌਥਾਈ ਸਦੀ ਤੋਂ ਹਵੇਲੀਆਂ, ਬੀਚ ਉੱਤੇ ਸਥਿਤ ਆਪਣੀ ਪ੍ਰਾਪਰਟੀ, ਯਾਟਸ ਤੇ ਹੋਰਨਾਂ ਥਾਂਵਾਂ ਦੇ ਰੂਪ ਵਿੱਚ ਲੁਕੋ ਰਹੇ ਹਨ। ਇਸ ਦਾ ਖੁਲਾਸਾ ਦੁਨੀਆ ਭਰ ਵਿੱਚ ਸਥਿਤ 14 ਫਰਮਾਂ ਤੋਂ ਹਾਸਲ ਹੋਈਆਂ ਲੱਗਭਗ 12 ਮਿਲੀਅਨ ਫਾਈਲਾਂ ਦੇ ਮੁਲਾਂਕਣ ਼ਤੋਂ ਹੋਇਆ ਹੈ।
ਇਹ ਰਿਪੋਰਟ ਐਤਵਾਰ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਵੱਲੋਂ ਜਾਰੀ ਕੀਤੀ ਗਈ। ਇਸ ਵਿੱਚ 117 ਦੇਸ਼ਾਂ ਦੇ 150 ਮੀਡੀਆ ਆਊਟਲੈੱਟਸ ਦੇ 600 ਪੱਤਰਕਾਰ ਸ਼ਾਮਲ ਹਨ। ਇਨ੍ਹਾਂ ਫਾਈਲਜ਼ ਨੂੰ ਪੰਡੋਰਾ ਪੇਪਰਜ਼ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਅਮੀਰ ਤੇ ਭ੍ਰਿਸ਼ਟ ਲੋਕ ਆਪਣੇ ਪੈਸੇ ਨੂੰ ਲੁਕਾਉਣ ਲਈ ਸਮੁੰਦਰੋਂ ਪਾਰ ਸਥਿਤ ਆਪਣੇ ਖਾਤਿਆਂ ਦੀ ਵਰਤੋਂ ਕਰਦੇ ਸਨ।
ਇਨ੍ਹਾਂ ਗੁਪਤ ਖਾਤਿਆਂ ਦੇ ਮਾਲਕਾਂ ਵਜੋਂ ਜਿਨ੍ਹਾਂ ਮੌਜੂਦਾ ਤੇ ਸਾਬਕਾ 330 ਸਿਆਸਤਦਾਨਾਂ ਦੀ ਪਛਾਣ ਹੋਈ ਹੈ ਉਨ੍ਹਾਂ ਵਿੱਚੋਂ ਕੁੱਝ ਦੇ ਨਾਂ ਇਸ ਪ੍ਰਕਾਰ ਹਨ : ਜੌਰਡਨ ਦੇ ਕਿੰਗ ਅਬਦੁੱਲਾ (ਦੋਇਮ), ਯੂ ਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਚੈੱਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਆਂਦਰੇ ਬਾਬਿਸ, ਕੀਨੀਆ ਦੇ ਰਾਸ਼ਟਰਪਤੀ ਉਹੂਰੂ ਕੇਨਯਾਟਾ, ਇਕੁਆਡੋਰ ਦੇ ਰਾਸ਼ਟਰਪਤੀ ਗੁਇਲਰਮੋਲਾਸੋ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਾਇਕ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਾਇਕ।
ਇਸ ਰਿਪੋਰਟ ਵਿੱਚ ਤੁਰਕੀ ਦੇ ਕੰਸਟ੍ਰਕਸ਼ਨ ਮਾਹਿਰ ਅਰਮਾਨ ਲਿਸਾਕ ਤੇ ਸਾਫਟਵੇਅਰ ਨਿਰਮਾਤਾ ਰੇਅਨੌਲਡਜ਼ ਐਂਡ ਰੇਅਨੌਲਡਜ਼ ਦੇ ਸਾਬਕਾ ਸੀਈਓ ਰੌਬਰਟ ਟੀ ਬ੍ਰੌਕਮੈਨ ਵੀ ਸ਼ਾਮਲ ਹਨ। ਇਨ੍ਹਾਂ ਖਾਤਿਆਂ ਵਿੱਚੋਂ ਬਹੁਤੇ ਟੈਕਸ ਚੋਰੀ ਕਰਨ ਤੇ ਹੋਰਨਾਂ ਕਾਰਨਾਂ ਕਰਕੇ ਆਪਣੇ ਸਰਮਾਏ ਨੂੰ ਲੁਕਾਉਣ ਲਈ ਖੁਲ੍ਹਵਾਏ ਗਏ ਸਨ।ਯੂਰਪੀਅਨ ਪਾਰਲੀਆਮੈਂਟ ਵਿੱਚ ਗ੍ਰੀਨ ਪਾਰਟੀ ਦੇ ਨੀਤੀਘਾੜੇ ਸਵੈਨ ਗੀਗੋਲਡ ਨੇ ਆਖਿਆ ਕਿ ਇਹ ਨਵਾਂ ਡਾਟਾ ਜਿਹੜਾ ਲੀਕ ਹੋਇਆ ਹੈ ਇਹ ਸਭਨਾਂ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹੈ।ਸਾਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।ਇਸ ਤਰ੍ਹਾਂ ਟੈਕਸ ਚੋਰੀ ਰੋਕਣ ਲਈ ਵੀ ਸਖ਼ਤ ਕਦਮ ਉਠਾਏ ਜਾਣ ਦੀ ਲੋੜ ਹੈ।
ਬ੍ਰਿਟਿਸ਼ ਚੈਰੀਟੀਜ਼ ਦੇ ਸੰਘ ਆਕਸਫੈਮ ਇੰਟਰਨੈਸ਼ਨਲ ਨੇ ਇਨ੍ਹਾਂ ਪੰਡੋਰਾ ਪੇਪਰਜ਼ ਨੂੰ ਲਾਲਚ ਦੀ ਮਿਸਾਲ ਦੱਸਦਿਆਂ ਆਖਿਆ ਕਿ ਅਜਿਹਾ ਕਰਕੇ ਹੀ ਦੇਸ਼ਾਂ ਨੂੰ ਟੈਕਸਾਂ ਤੋਂ ਹੋਣ ਵਾਲੀ ਆਮਦਨ ਤੋਂ ਵਾਂਝਾ ਕੀਤਾ ਜਾਂਦਾ ਹੈ ਨਹੀਂ ਤਾਂ ਇਸ ਪੈਸੇ ਨਾਲ ਕਈ ਵਧੀਆ ਪ੍ਰੋਗਰਾਮ ਤੇ ਪ੍ਰੋਜੈਕਟ ਚਲਾਏ ਜਾ ਸਕਦੇ ਹਨ।ਇਹ ਪੰਡੋਰਾ ਪੇਪਰਜ਼ ਵੀ 2016 ਵਿੱਚ ਜਾਰੀ ਕੀਤੇ ਗਏ ਪਨਾਮਾ ਪੇਪਰਜ਼ ਦਾ ਹੀ ਦੂਜਾ ਰੂਪ ਹਨ। ਇਨ੍ਹਾਂ ਨੂੰ ਉਸੇ ਜਰਨਲਿਸਟਿਕ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ 1970ਵਿਆਂ ਦੇ ਡਾਟਾ ਦੇ ਨਾਲ ਨਾਲ ਵਧੇਰੇ ਡਾਟਾ 1996 ਤੋਂ 2020 ਤੱਕ ਦਾ ਹੈ।
ਜੌਰਡਨ ਦੇ ਕਿੰਗ ਅਬਦੁੱਲਾ ਦੀ ਸਰਕਾਰ ਉੱਤੇ ਇਸ ਸਾਲ ਘਪਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਉਸ ਦੇ ਹੀ ਸੌਤੇਲੇ ਭਰਾ, ਸਾਬਕਾ ਕ੍ਰਾਊਨ ਪਿੰਸ ਹਮਜ਼ਾ, ਵੱਲੋਂ ਲਾਇਆ ਗਿਆ।ਹਮਜ਼ਾ ਨੇ ਸਰਕਾਰ ਨੂੰ ਭ੍ਰਿਸ਼ਟਾਚਾਰੀ ਦੱਸਿਆ। ਪਰ ਇਸ ਦੇ ਉਲਟ ਖੁਦ ਨੂੰ ਬੇਕਸੂਰ ਦੱਸਦਿਆਂ ਕਿੰਗ ਨੇ ਆਪਣੇ ਸੌਤੇਲੇ ਭਰਾ ਨੂੰ ਨਜ਼ਰਬੰਦ ਕਰਵਾ ਦਿੱਤਾ ਤੇ ਦੋ ਸਾਬਕਾ ਸਹਾਇਕਾਂ ਖਿਲਾਫ ਕਾਨੂੰਨੀ ਕਾਰਵਾਈ ਸੁ਼ਰੂ ਕਰਵਾ ਦਿੱਤੀ। ਅਬਦੁੱਲਾ ਦੇ ਯੂਕੇ ਅਟਾਰਨੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੈ ਤੇ ਕਿੰਗ ਨੇ ਜਨਤਕ ਫੰਡਾਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਹੈ। ਇਹ ਵੀ ਆਖਿਆ ਗਿਆ ਕਿ ਸਕਿਊਰਿਟੀ ਤੇ ਪ੍ਰਾਈਵੇਸੀ ਕਾਰਨਾਂ ਕਰਕੇ ਹੀ ਕਿੰਗ ਨੂੰ ਵਿਦੇਸ਼ਾਂ ਵਿੱਚ ਕੰਪਨੀਆਂ ਕਾਇਮ ਕਰਨੀਆਂ ਪਈਆਂ।
ਇਸੇ ਤਰ੍ਹਾਂ 1997 ਤੋਂ 2007 ਤੱਕ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਬਲੇਅਰ ਨੇ 2017 ਵਿੱਚ 8·8 ਮਿਲੀਅਨ ਡਾਲਰ ਦੀ ਵਿਕਟੋਰੀਅਨ ਬਿਲਡਿੰਗ ਖਰੀਦੀ।ਇਸ ਲਈ ਉਨ੍ਹਾਂ ਨੂੰ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਦੀ ਕੰਪਨੀ ਖਰੀਦਣੀ ਪਈ, ਜਿਸ ਦੀ ਉਹ ਸੰਪਤੀ ਸੀ।ਹੁਣ ਇਸ ਬਿਲਡਿੰਗ ਵਿੱਚ ਉਨ੍ਹਾਂ ਦੀ ਪਤਨੀ ਚੈਰੀ ਬਲੇਅਰ ਦੀ ਲਾਅ ਫਰਮ ਕੰਮ ਕਰ ਰਹੀ ਹੈ।ਇਹ ਕੰਪਨੀ ਬਹਿਰੇਨ ਦੇ ਇੰਡਸਟਰੀ ਤੇ ਟੂਰਿਜ਼ਮ ਮੰਤਰੀ ਜ਼ਾਇਦ ਬਿਨ ਰਾਸਿ਼ਦ ਅਲ ਜਾਯਨੀ ਤੋਂ ਖਰੀਦੀ ਗਈ।ਜਾਂਚ ਵਿੱਚ ਪਾਇਆ ਗਿਆ ਕਿ ਇਸ ਨਾਲ ਬਲੇਅਰਜ਼ ਨੂੰ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ 400,000 ਡਾਲਰ ਤੋਂ ਵੱਧ ਦੀ ਬਚਤ ਹੋਈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਗੜਬੜ ਵਿੱਚ ਸ਼ਾਮਲ ਨਹੀਂ ਪਾਇਆ ਗਿਆ ਪਰ ਉਨ੍ਹਾਂ ਦੇ ਅੰਦਰੂਨੀ ਦਾਇਰੇ ਨਾਲ ਜੁੜੇ ਲੋਕਾਂ ਜਿਵੇਂ ਕਿ ਵਿੱਤ ਮੰਤਰੀ ਸੌ਼ਕਤ ਫਾਇਜ਼ ਅਹਿਮਦ ਤਾਰਿਨ ਨੂੰ ਗੁਪਤ ਰੂਪ ਵਿੱਚ ਕਈ ਕੰਪਨੀਆਂ ਤੇ ਟਰੱਸਟਜ਼ ਦਾ ਮਾਲਕ ਦੱਸਿਆ ਜਾ ਰਿਹਾ ਹੈ।ਇਮਰਾਨ ਨੇ ਇਸ ਉੱਤੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਲੀਕ ਹੋਏ ਦਸਤਾਵੇਜ਼ਾਂ ਨਾਲ ਖੁੱਲ੍ਹਿਆ ਵਿੱਤੀ ਸੀਕ੍ਰੇਟਸ ਦਾ ਪੰਡੋਰਾ ਬਾਕਸ
