ਟੋਰਾਂਟੋ : ਓਨਟਾਰੀਓ ਵੱਲੋਂ ਜਲਦ ਹੀ ਇਹ ਲਾਜ਼ਮੀ ਕੀਤਾ ਜਾਵੇਗਾ ਕਿ ਲਾਂਗ ਟਰਮ ਕੇਅਰ ਸਟਾਫ, ਸਪੋਰਟ ਵਰਕਰਜ਼ ਤੇ ਵਾਲੰਟੀਅਰਜ਼ ਨਵੰਬਰ ਦੇ ਮੱਧ ਤੱਕ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਲੈਣ।
ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਮੰਤਰੀ ਰੌਡ ਫਿਲਿਪਸ ਨੇ ਐਲਾਨ ਕਰਦਿਆਂ ਆਖਿਆ ਕਿ ਜੇ ਇਨ੍ਹਾਂ ਸਾਰਿਆਂ ਵੱਲੋਂ 15 ਨਵੰਬਰ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ ਜਾਂਦੀ ਜਾਂ ਮੈਡੀਕਲ ਛੋਟ ਦਾ ਸਬੂਤ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਕੰਮ ਲਈ ਲਾਂਗ ਟਰਮ ਕੇਅਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਫਿਲਿਪਸ ਨੇ ਆਖਿਆ ਹਾਲਾਂਕਿ 90 ਫੀ ਸਦੀ ਸਟਾਫ ਨੂੰ ਘੱਟੋ ਘੱਟ ਇੱਕ ਡੋਜ਼ ਤਾਂ ਲੱਗ ਹੀ ਚੁੱਕੀ ਹੈ ਪਰ ਦਰਜਨਾਂ ਘਰ ਅਜਿਹੇ ਹਨ ਜਿਨ੍ਹਾਂ ਦੀ ਵੈਕਸੀਨੇਸ਼ਨ 80 ਫੀ ਸਦੀ ਤੋਂ ਵੀ ਘੱਟ ਹੈ।
ਫਿਲਿਪਸ ਨੇ ਆਖਿਆ ਕਿ ਇਸੇ ਕਾਰਨ ਹੀ ਉਨ੍ਹਾਂ ਵੱਲੋਂ ਹਰ ਹੋਮ ਦਾ ਡਾਟਾ ਮੰਗਵਾਉਣ ਦੀ ਗੱਲ ਆਖੀ ਗਈ ਹੈ ਤਾਂ ਕਿ ਸਾਨੂੰ ਵੈਕਸੀਨੇਟ ਹੋ ਚੁੱਕੇ ਸਟਾਫ ਤੇ ਦੂਜੇ ਅਮਲੇ ਬਾਰੇ ਸਹੀ ਅੰਕੜੇ ਹਾਸਲ ਹੋ ਸਕਣ।ਇਹ ਹੁਣ ਸੱਭ ਦੇ ਸਾਹਮਣੇ ਹੈ ਕਿ ਜੋ ਵੈਕਸੀਨੇਸ਼ਨ ਦਾ ਪੱਧਰ ਸਾਨੂੰ ਚਾਹੀਦਾ ਸੀ ਉਹ ਸਾਨੂੰ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਇਸ ਸਮੇਂ 19 ਹੋਮਜ਼ ਅਜਿਹੇ ਹਨ ਕਿ ਜਿੱਥੇ ਆਊਟਬ੍ਰੇਕ ਹੈ, ਜਿਨ੍ਹਾਂ ਵਿੱਚੋਂ ਪੰਜ ਵਿੱਚ ਕਿਸੇ ਰੈਜ਼ੀਡੈਂਟ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਉਹ ਅਚਨਚੇਤੀ ਇਨ੍ਹਾਂ ਹੋਮਜ਼ ਵਿੱਚ ਲੋਕਾਂ ਤੇ ਸਟਾਫ ਦੀ ਟੈਸਟਿੰਗ ਕਰਨਗੇ ਤਾਂ ਕਿ ਜਲਦ ਤੋਂ ਜਲਦ ਸਥਿਤੀ ਉੱਤੇ ਕਾਬੂ ਪਾਇਆ ਜਾ ਸਕੇ।ਇਸ ਦੌਰਾਨ ਸਰਵਿਸਿਜ਼ ਇੰਪਲੌਈਜ਼ ਇੰਟਰਨੈਸ਼ਨਲ ਯੂਨੀਅਨ ਹੈਲਥਕੇਅਰ (ਐਸ ਈ ਆਈ ਯੂ) ਨੇ ਆਖਿਆ ਕਿ ਉਨ੍ਹਾਂ ਦੇ ਬਹੁਗਿਣਤੀ ਮੈਂਬਰ ਲਾਜ਼ਮੀ ਵੈਕਸੀਨੇਸ਼ਨ ਦੇ ਹੱਕ ਵਿੱਚ ਹਨ।
ਲਾਂਗ ਟਰਮ ਕੇਅਰ ਦੇ ਸਟਾਫ, ਵਾਲੰਟੀਅਰਜ਼ ਦਾ ਵੈਕਸੀਨੇਟ ਹੋਣਾ ਲਾਜ਼ਮੀ ਕਰਨ ਜਾ ਰਿਹਾ ਹੈ ਓਨਟਾਰੀਓ
