ਕੈਨੇਡਾ ਪਰਿਵਾਰ ਸਮੇਤ ਟੋਫੀਨੋ ਦਾ ਟਰਿੱਪ ਕਰਨ ਉੱਤੇ ਟਰੂਡੋ ਨੇ ਫਰਸਟ ਨੇਸ਼ਨ ਦੇ ਚੀਫ ਤੋਂ ਮੰਗੀ ਮੁਆਫੀ

ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਰਿਵਾਰ ਸਮੇਤ ਟੋਫੀਨੋ ਦਾ ਟਰਿੱਪ ਕਰਨ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਫਰਸਟ ਨੇਸ਼ਨ ਦੇ ਚੀਫ ਤੋਂ ਪ੍ਰਾਈਵੇਟ ਤੌਰ ਉੱਤੇ ਮੁਆਫੀ ਮੰਗੀ ਗਈ ਹੈ।
ਟਰੂਡੋ ਵੱਲੋਂ ਇਹ ਮੁਆਫੀ ਕੈਨੇਡਾ ਦੇ ਪਹਿਲੇ ਟਰੁੱਥ ਐਂਡ ਰੀਕੌਂਸੀਲੀਏਸ਼ਨ ਡੇਅ ਉੱਤੇ ਹਾਜ਼ਰ ਰਹਿਣ ਦੀ ਥਾਂ ਪਰਿਵਾਰ ਨਾਲ ਟੋਫੀਨੋ ਘੁੰਮਣ ਫਿਰਨ ਜਾਣ ਲਈ ਮੰਗੀ ਗਈ ਹੈ। ਟਰੂਡੋ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਨੇ ਟੀਕੈਮਲੂਪਸ ਤੇ ਸੈਕਵੇਪੈਮੇਕ ਨੇਸ਼ਨ ਦੇ ਹੈੱਡ ਨਾਲ ਗੱਲ ਕਰਕੇ ਉਨ੍ਹਾਂ ਤੋਂ 30 ਸਤੰਬਰ ਨੂੰ ਮਨਾਏ ਜਾ ਰਹੇ ਪਹਿਲੇ ਟਰੱੁਥ ਐਂਡ ਰੀਕੌਂਸੀਲਿਏਸ਼ਨ ਡੇਅ ਮੌਕੇ ਹਾਜ਼ਰ ਨਾ ਹੋਣ ਲਈ ਮੁਆਫੀ ਮੰਗੀ ਗਈ।ਇਨ੍ਹਾਂ ਜਸ਼ਨਾਂ ਵਿੱਚ ਹਿੱਸਾ ਲੈਣ ਦੀ ਥਾਂ ਟਰੂਡੋ ਨੇ ਪ੍ਰੋਵਿੰਸ ਵਿੱਚ ਹੁੰਦਿਆਂ ਹੋਇਆਂ ਵੀ ਇਹ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰਨ ਨੂੰ ਤਰਜੀਹ ਦਿੱਤੀ।
ਦ ਨੇਟਿਵ ਵੁਮਨਜ਼ ਐਸੋਸਿਏਸ਼ਨ ਆਫ ਕੈਨੇਡਾ ਦੀ ਹੈੱਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਟਰੂਡੋ ਦੀ ਇਸ ਮੁਆਫੀ ਦਾ ਸਵਾਗਤ ਕੀਤਾ ਜਾਂਦਾ ਹੈ ਪਰ ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ਉੱਤੇ ਇਹ ਮੁਆਫੀ ਮੰਗਣ ਦੀ ਲੋੜ ਹੈ। ਉਨ੍ਹਾਂ ਇਹ ਵੀ ਚੇਤਾਇਆ ਕਿ ਟਰੂਡੋ ਦੀ ਇਸ ਤਰ੍ਹਾਂ ਦੀ ਹਰਕਤ ਲਈ ਉਨ੍ਹਾਂ ਨੂੰ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ।
ਟਰੂਡੋ ਨੇ ਐ਼ਤਵਾਰ ਟੋਫੀਨੋ, ਬੀਸੀ ਵਿੱਚ ਬਿਤਾਇਆ, ਜਿੱਥੇ ਉਹ ਪਿਛਲੇ ਵੀਰਵਾਰ ਤੋਂ ਹੀ ਮੌਜੂਦ ਸਨ।ਉਹ ਉਸੇ ਦਿਨ ਆਪਣੇ ਪਰਿਵਾਰਕ ਟਰਿੱਪ ਲਈ ਟੋਫੀਨੋ ਪਹੁੰਚੇ ਜਿਸ ਦਿਨ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਜ਼ ਸਿਸਟਮਜ਼ ਦੇ ਇੰਡੀਜੀਨਸ ਸਰਵਾਈਵਰਜ਼ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਉਨ੍ਹਾਂ ਦੀ ਇਸ ਯਾਤਰਾ ਦਾ ਕੋਈ ਵੇਰਵਾ ਉਨ੍ਹਾਂ ਦੇ ਆਫਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ ਸਗੋਂ ਉਸ ਦਿਨ ਉਨ੍ਹਾਂ ਨੂੰ ਓਟਵਾ ਵਿੱਚ ਪ੍ਰਾਈਵੇਟ ਮੀਟਿੰਗਜ਼ ਕਰਦਿਆਂ ਦੱਸਿਆ ਗਿਆ।
ਟਰੂਡੋ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕਈ ਘੰਟੇ ਰੈਜ਼ੀਡੈਂਸ਼ੀਅਲ ਸਕੂਲਜ਼ ਸਿਸਟਮਜ਼ ਤੋਂ ਬਚ ਨਿਕਲੇ ਅੱਠ ਲੋਕਾਂ ਨਾਲ ਫੋਨ ਉੱਤੇ ਗੱਲ ਕਰਦਿਆਂ ਬਿਤਾਏ। ਬੁਲਾਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਪ੍ਰਧਾਨ ਮੰਤਰੀ ਨੇ ਇਹ ਇਤਿਹਾਸਕ ਦਿਨ ਨਿਜੀ ਛੁੱਟੀਆਂ ਉੱਤੇ ਖਰਚ ਕੀਤਾ। ਇਸ ਦੌਰਾਨ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਰੋਜ਼ਐਨ ਆਰਚੀਬਾਲਡ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਖੋਖਲੀਆਂ ਮੁਆਫੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।