ਲਖੀਮਪੁਰ ਖੀਰੀ ਦੀ ਘਟਨਾ : ਕਿਸਾਨ ਅੰਦੋਲਨ ਨੂੰ ਸਰਕਾਰੀ ਦਹਿਸ਼ਤ ਰਾਹੀਂ ਕੁਚਲਨ ਦੀ ਕੋਸ਼ਿਸ਼ – ਕੇਂਦਰੀ ਸਿੰਘ ਸਭਾ

ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਅੱਧੀ ਦਰਜਨ ਕਿਸਾਨਾਂ ਨੂੰ ਕਾਰਾਂ ਥੱਲੇ ਦਰੜ੍ਹ ਕੇ ਮਾਰਨਾ ਅਤੇ ਦਰਜਨ ਤੋਂ ਵੱਧ ਨੂੰ ਜ਼ਖਮੀ ਕਰ ਦੇਣਾ, ਸਰਕਾਰੀ ਦਹਿਸ਼ਤਗਰਦੀ ਦਾ ਘਿਣਾਉਣਾ ਦ੍ਰਿਸ਼ ਹੈ। ਜਿਸ ਦੀ ਮਿਸਾਲ ਦੁਨੀਆ ਦੇ ਕਿਸੇ ਲੋਕਤੰਤਰ ਵਿੱਚ ਨਹੀਂ ਮਿਲਦੀ।

ਸਿੰਘ ਸਭਾ ਨਾਲ ਜੁੜੇ ਬੁੱਧੀਜੀਵੀਆਂ ਨੇ ਕਿਹਾ ਇਸ ਦੁਖਦਾਈ ਘਟਨਾ ਨੇ ਸ਼ਪਸ਼ਟ ਕਰ ਦਿੱਤਾ ਹੈ ਕਿ ਮੋਦੀ ਦਾ ਭਾਜਪਾ ਨਿਜ਼ਾਮ ਹੁਣ ਤਾਨਾਸ਼ਾਹ ਫਾਸ਼ੀਵਾਦ ਦੇ ਰਾਹ ਪੈ ਕੇ, ਕਿਸਾਨ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਘੜ੍ਹ ਰਿਹਾ ਹੈ। ਕੇਂਦਰੀ ਡਿਪਟੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੇ ਪਹਿਲਾਂ ਇੱਕ ਜਨਤਕ ਇਕੱਠ ਵਿੱਚ ਕਿਸਾਨਾਂ ਨੂੰ ਜ਼ਾਹਰਾ ਧਮਕਾਇਆ ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਘੁੰਮ ਰਹੀ ਹੈ ਫਿਰ ਐਤਵਾਰ ਦੀ ਸ਼ਾਮ ਨੂੰ ਆਪਣੇ ਪੁੱਤਰ ਅਸ਼ੀਸ਼ ਮਿਸ਼ਰਾ ਤੋਂ ਸ਼ਾਂਤਮਈ ਮੁਜ਼ਾਹਰਾ ਕਰਕੇ ਵਾਪਸ ਆਉਂਦੇ ਕਿਸਾਨਾਂ ਉੱਤੇ ਕਾਰਾਂ ਦਾ ਕਾਫਲਾ ਚੜ੍ਹਵਾ ਦਿੱਤਾ। ਹਮਲਾਵਰਾਂ ਨੇ ਸਿੱਧੀਆਂ ਗੋਲੀਆਂ, ਚਲਾ ਕੇ ਵੀ ਇੱਕ ਕਿਸਾਨ ਦੀ ਹੱਤਿਆ ਕੀਤੀ। ਮਰਨ ਵਾਲੇ ਕਿਸਾਨ ਲਵਪ੍ਰੀਤ ਸਿੰਘ, (20) ਗੁਰਵਿੰਦਰ ਸਿੰਘ (19), ਦਲਜੀਤ ਸਿੰਘ (35) ਅਤੇ ਨਛੱਤਰ ਸਿੰਘ (60)। ਸਿੱਖ ਹੋਣ ਕਰਕੇ ਇਹ ਵੀ ਪਤਾ ਚਲਦਾ ਕਿ ਹਮਲਾ ਸਮਾਜ ਨੂੰ ਫਿਰਕਾਪ੍ਰਸਤ ਲੀਗ ਤੇ ਵੰਡਣ ਲਈ ਅਤੇ ਸਿੱਖ ਕਿਸਾਨਾਂ ਨੂੰ “ਅੱਤਵਾਦੀ, ਵੱਖਵਾਦੀ” ਪੇਸ਼ ਕਰਨ ਲਈ ਵੀ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ, ਮੋਦੀ ਸਰਕਾਰ ਦਿੱਲੀ ਸਰਹੱਦਾਂ ਉੱਤੇ ਰੋਸ-ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ “ਖਾਲਿਸਤਾਨੀ ਅਤੇ ਦੇਸ਼ ਵਿਰੋਧੀ” ਗਰਦਾਨਣ ਦਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।