ਓਨਟਾਰੀਓ : ਆਪਣੇ ਵੈਕਸੀਨੇਸ਼ਨ ਸਟੇਟਸ ਬਾਰੇ ਗੁੰਮਰਾਹ ਕਰਨ ਦੇ ਬਾਵਜੂਦ ਦਰਹਾਮ ਤੋਂ ਐਮਪੀਪੀ ਲਿੰਡਸੇ ਪਾਰਕ ਨੂੰ ਕਾਕਸ ਵਿੱਚ ਬਣਾਈ ਰੱਖਣ ਲਈ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫਰਡ ਉਤੇ ਦੋਹਰੇ ਮਾਪਦੰਡ ਅਪਣਾਏ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ।
ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀ ਹਾਊਸ ਲੀਡਰ ਪਾਲ ਕਲੈਂਡਰਾ ਨੇ ਆਖਿਆ ਕਿ ਸਾਨੂੰ ਇਹੋ ਲੱਗ ਰਿਹਾ ਸੀ ਕਿ ਲਿੰਡਸੇ ਪਾਰਕ ਵੈਕਸੀਨੇਸ਼ਨ ਕਰਵਾ ਚੁੱਕੀ ਹੈ।ਪਰ ਉਨ੍ਹਾਂ ਆਖਿਆ ਕਿ ਐਮਪੀ ਨੇ ਉਨ੍ਹਾਂ ਨੂੰ ਜਾਂ ਹਾਊਸ ਲੀਡਰਸਿ਼ਪ ਵਿੱਚ ਕਿਸੇ ਨੂੰ ਜਾਣੂ ਕਰਵਾਏ ਤੋਂ ਬਗੈਰ ਮੈਡੀਕਲ ਛੋਟ ਹਾਸਲ ਕਰ ਲਈ।ਹਾਲਾਂਕਿ ਉਨ੍ਹਾਂ ਨੂੰ ਮੈਡੀਕਲ ਛੋਟ ਹਾਸਲ ਕਰਨ ਦਾ ਪੂਰਾ ਹੱਕ ਹੈ ਤੇ ਅਸੀਂ ਇਸ ਦਾ ਸਮਰਥਨ ਕਰਦੇ ਹਾਂ ਪਰ ਇਸ ਫੈਸਲੇ ਨੂੰ ਸਾਡੇ ਤੱਕ ਸਹੀ ਢੰਗ ਨਾਲ ਪਹੁੰਚਾਇਆ ਨਹੀਂ ਗਿਆ, ਜਿਸ ਦੇ ਨਤੀਜੇ ਵਜੋਂ ਪਾਰਲੀਆਮੈਂਟਰੀ ਅਸਿਸਟੈਂਟ ਵਜੋਂ ਉਹ ਆਪਣਾ ਸਥਾਨ ਗੁਆ ਬੈਠੀ।
ਇਹ ਵੇਖਣ ਵਿੱਚ ਆਇਆ ਹੈ ਕਿ ਸਰਕਾਰ ਵੱਲੋਂ ਇਸ ਮਾਮਲੇ ਨੂੰ ਵੱਖਰੇ ਢੰਗ ਨਾਲ ਹੈਂਡਲ ਕੀਤਾ ਗਿਆ ਹੈ ਜਦਕਿ ਸਾਬਕਾ ਟੋਰੀ ਐਮਪੀਪੀ ਰਿੱਕ ਨਿਕੋਲਸ ਦੇ ਮਾਮਲੇ ਨਾਲ ਵੱਖਰੇ ਢੰਗ ਨਾਲ ਸਿੱਝਿਆ ਗਿਆ ਸੀ। ਉਨ੍ਹਾਂ ਨੂੰ ਵੈਕਸੀਨੇਸ਼ਨ ਨਾ ਕਰਵਾਉਣ ਲਈ ਪਿਛਲੇ ਮਹੀਨੇ ਪੀਸੀ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਪਾਰਕ ਤੇ ਨਿਕੋਲਸ ਲਈ ਦੋਹਰੇ ਮਾਪਦੰਡ ਕਿਉਂ ਅਪਣਾਏ ਗਏ ਇਸ ਸਬੰਧ ਵਿੱਚ ਉਨ੍ਹਾਂ ਨੂੰ ਕਹਾਣੀ ਸਮਝ ਨਹੀਂ ਆ ਰਹੀ। ਉਨ੍ਹਾਂ ਆਖਿਆ ਕਿ ਸ਼ਾਇਦ ਕਾਕਸ ਵਿੱਚ ਰਹਿਣ ਦੇ ਕੇ ਫੋਰਡ ਪਾਰਕ ਦੀ ਹਿਫਾਜ਼ਤ ਕਰਨੀ ਚਾਹੁੰਦੇ ਹਨ।
ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਪ੍ਰੋਵਿੰਸ ਦੇ ਲੋਕਾਂ ਨੂੰ ਬੜਾ ਖਤਰਨਾਕ ਸੁਨੇਹਾ ਮਿਲਦਾ ਹੈ ਕਿ ਅਸੀਂ ਵੈਕਸੀਨਜ਼ ਨਾਲ ਕੀ ਕਰ ਰਹੇ ਹਾਂ।ਸੋਮਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਮੰਗਲਵਾਰ ਨੂੰ ਉਹ ਨਿਕੋਲਸ ਨੂੰ ਡਿਪਟੀ ਸਪੀਕਰ ਵਜੋਂ ਹਟਾਉਣ ਤੇ ਉਨ੍ਹਾਂ ਦੀ ਥਾਂ ਪੀਸੀ ਐਮਪੀਪੀ ਬਿੱਲ ਵਾਕਰ ਨੂੰ ਡਿਪਟੀ ਸਪੀਕਰ ਬਣਾਉਣ ਲਈ ਵਿਧਾਨਸਭਾ ਵਿੱਚ ਇੱਕ ਮਤਾ ਪੇਸ਼ ਕਰੇਗੀ।
ਫੋਰਡ ਉੱਤੇ ਦੋਹਰੇ ਮਾਪਦੰਡ ਅਪਣਾਏ ਜਾਣ ਦਾ ਵਿਰੋਧੀ ਪਾਰਟੀਆਂ ਵੱਲੋਂ ਲਾਇਆ ਗਿਆ ਦੋਸ਼
