ਫੋਰਡ ਦੇ ਭਾਸ਼ਣ ਵਿੱਚ ਨਾ ਤਾਂ ਸਿੱਖਿਆ ਤੇ ਨਾ ਹੀ ਚਾਈਲਡ ਕੇਅਰ ਬਾਰੇ ਇੱਕ ਵੀ ਲਫਜ਼ ਸੁਣਨ ਨੂੰ ਮਿਲਿਆ

ਟੋਰਾਂਟੋ : ਪ੍ਰੀਮੀਅਰ ਡੱਗ ਫੋਰਡ ਦੇ ਰਾਜਭਾਸ਼ਣ ਨੂੰ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਜ਼ਵੈੱਲ ਵੱਲੋਂ ਪੇਸ਼ ਕੀਤਾ ਗਿਆ।
ਇਹ ਭਾਸ਼ਣ ਬਹੁਤਾ ਕਰਕੇ ਕੋਵਿਡ-19 ਮਹਾਂਮਾਰੀ ਤੋਂ ਹੋਣ ਵਾਲੀ ਰਿਕਵਰੀ ਉੱਤੇ ਕੇਂਦਰਿਤ ਸੀ। ਆਲੋਚਕਾਂ ਨੇ ਆਖਿਆ ਕਿ ਇਸ ਭਾਸ਼ਣ ਵਿੱਚ ਐਜੂਕੇਸ਼ਨ ਤੇ ਚਾਈਲਡ ਕੇਅਰ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ।ਓਨਟਾਰੀਓ ਦੇ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਸੋਮਵਾਰ ਨੂੰ ਹੀ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਆਖਿਆ ਕਿ ਇਸ ਭਾਸ਼ਣ ਵਿੱਚ ਇੱਕ ਵਾਰੀ ਵੀ ਸਿੱਖਿਆ ਲਫਜ਼ ਦੀ ਵਰਤੋਂ ਨਹੀਂ ਕੀਤੀ ਗਈ।
ਇਸ ਦੇ ਨਾਲ ਹੀ ਚਾਈਲਡ ਕੇਅਰ ਨੂੰ ਦਿਨ ਦੇ 10 ਡਾਲਰ ਤੱਕ ਲਿਆਉਣ ਦਾ ਤਹੱਈਆ ਵੀ ਫੋਰਡ ਸਰਕਾਰ ਨੇ ਉੱਕਾ ਹੀ ਵਿਸਾਰ ਦਿੱਤਾ। ਮਾਪੇ, ਖਾਸਤੌਰ ਉੱਤੇ ਕੰਮਕਾਜੀ ਮਾਂਵਾਂ ਨੂੰ ਇਸ ਵਾਅਦੇ ਤੋਂ ਕਾਫੀ ਉਮੀਦਾਂ ਸਨ। ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ ਚਾਈਲਡ ਕੇਅਰ ਕੀਮਤਾਂ ਨੂੰ ਔਸਤਨ 10 ਡਾਲਰ ਰੋਜ਼ਾਨਾਂ ਉੱਤੇ ਲਿਆਉਣ ਲਈ 30 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ ਪਰ ਫੋਰਡ ਸਰਕਾਰ ਨੇ ਅਜੇ ਤੱਕ ਇਸ ਡੀਲ ਉੱਤੇ ਸਾਈਨ ਨਹੀਂ ਕੀਤੇ।
ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਉਹ ਅਫੋਰਡੇਬਲ ਚਾਈਲਡ ਕੇਅਰ ਡੀਲ ਲਈ ਤਿਆਰ ਹਨ ਪਰ ਸ਼ਰਤ ਇਹ ਹੈ ਕਿ ਉਹ ਡੀਲ ਪ੍ਰੋਵਿੰਸ ਦੇ ਵਿਲੱਖਣ ਹਾਲਾਤ ਦੇ ਅਨੁਸਾਰ ਹੋਵੇ।ਪ੍ਰੋਵਿੰਸ ਦੀ ਗ੍ਰੀਨ ਪਾਰਟੀ ਨੇ ਵੀ ਸਿੱਖਿਆ ਸਬੰਧੀ ਕੋਈ ਵਾਅਦਾ ਕੀਤੇ ਜਾਣ ਉੱਤੇ ਆਸ ਲਾਈ ਹੋਈ ਸੀ ਪਰ ਉਨ੍ਹਾਂ ਨੂੰ ਵੀ ਇਸ ਬਾਬਤ ਕੁੱਝ ਸੁਣਨ ਨੂੰ ਨਹੀਂ ਮਿਲਿਆ।