ਕਿਰਾਏਦਾਰ ਨੇ ਬੱਚੀ ਨਾਲ ਛੇੜਖਾਨੀ ਕੀਤੀ ਤੇ ਪਿਤਾ ਨੇ ਫਾਹਾ ਲੈ ਕੇ ਜਾਨ ਦਿੱਤੀ

ਲਹਿਰਾਗਾਗਾ 

ਇਥੇ ਵਾਰਡ ਨੰਬਰ ਅੱਠ ਦੇ ਵਸਨੀਕ ਹਰਦੀਪ ਸਿੰਘ (45) ਨੇ ਕਿਰਾਏਦਾਰ ਵੱਲੋਂ ਆਪਣੀ ਬੱਚੀ ਨਾਲ ਕਥਿਤ ਛੇੜਛਾੜ ਤੋਂ ਤੰਗ ਆਕੇ ਵੱਡੇ ਤੜਕੇ ਪੌਣੇ ਤਿੰਨ ਵਜੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਮੈਡੀਕਲ ਅਧਿਕਾਰੀ ਨੇ ਉਸਨੂੰ ਮ੍ਰਿਤ ਕਰਾਰ ਦਿੱਤਾ। ਸਿਟੀ ਪੁਲੀਸ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਜਿੰਦਰ ਸਿੰਘ ਲਾਲਾ ਦੇ ਬਿਆਨ ’ਤੇ ਰੇਲ ਅਧਿਕਾਰੀ ਕਿਰਾਏਦਾਰ ਸਚਿਨ ਸ਼ਰਮਾ ਵਾਸੀ ਮਾਇਨਾ ਰੋਹਤਕ ਖ਼ਿਲਾਫ ਧਾਰਾ 306, 354,506,507 ਅਤੇ ਪੋਸਕੇ ਐਕਟ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪਰਿਵਾਰ ਨੇ ਪੁਲੀਸ ਕੋਲ ਬਿਆਨ ਦਿੱਤੇ ਕਿ ਰੇਲਵੇ ਵਿਭਾਗ ਦੇ ਜੇਈ ਸਚਿਨ ਸ਼ਰਮਾ ਉਨ੍ਹਾਂ ਦੇ ਘਰ ਕਿਰਾਏ ’ਤੇ ਰਹਿੰਦਾ ਸੀ ਅਤੇ ਉਸ ਨੇ ਮਾਲਕ ਮਕਾਨ ਦੀ ਬਾਲੜੀ ਨਾਲ ਕਥਿਤ ਅਸ਼ਲੀਲ ਹਰਕਤਾਂ ਕਰਨ ਕਰਕੇ ਹਰਦੀਪ ਸਿੰਘ ਨੇ ਜੀਵਨ ਲੀਲਾ ਖਤਮ ਕਰ ਲਈ।