ਸ਼੍ਰਿੰਗਲਾ ਵੱਲੋਂ ਸ੍ਰੀ ਲੰਕਾ ਦੇ ਰਾਸ਼ਟਰਪਤੀ ਰਾਜਪਕਸੇ ਨਾਲ ਮੁਲਾਕਾਤ

ਕੋਲੰਬੋ 

ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਮੰਗਲਵਾਰ ਨੂੰ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਹਰੇਕ ਪੱਧਰ ’ਤੇ ਵਿਆਪਕ ਦੁਵੱਲੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਅਤੇ ਦੋਵਾਂ ਮੁਲਕਾਂ ਵਿਚਕਾਰ ਮਿੱਤਰਤਾਪੂਰਨ ਤੇ ਮਜ਼ਬੂਤ ਸਹਿਯੋਗ ਦੀ ਵਚਨਬੱਧਤਾ ਦੁਹਰਾਈ। ਸ਼੍ਰਿੰਗਲਾ ਸ੍ਰੀਲੰਕਾ ਦੇ ਚਾਰ ਦਿਨਾਂ ਦੌਰੇ ’ਤੇ ਹਨ। ਉਨ੍ਹਾਂ ਦਾ ਦੌਰਾ ਸ਼ਨਿੱਚਰਵਾਰ ਨੂੰ ਭਾਰਤ ਤੇ ਤਟੀ ਰਾਸ਼ਟਰ ਵਿਚਾਲੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਲਈ ਸ਼ੁਰੂ ਹੋਇਆ ਸੀ। ਇੱਥੇ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ,‘ਵਿਦੇਸ਼ ਸਕੱਤਰ ਹਰਸ਼ ਵਰਧਨ ਨੇ ਅੱਜ ਰਾਸ਼ਟਰਪਤੀ ਗੋਟਾਬਾਯਾ ਨਾਲ ਮੁਲਾਕਾਤ ਕੀਤੀ। ਕਮਿਸ਼ਨ ਨੇ ਕਿਹਾ,‘ਦੋਵਾਂ ਆਗੂਆਂ ਨੇ ਭਾਰਤ ਤੇ ਸ੍ਰੀਲੰਕਾ ਵਿਚਾਲੇ ਮਿੱਤਰਤਾ ਤੇ ਸਹਿਯੋਗ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਇਸ ਤੋਂ ਇਲਾਵਾ ਹਰੇਕ ਪੱਧਰ ’ਤੇ ਵਿਆਪਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਢੰਗ ਤਰੀਕਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਇਹ ਮੀਟਿੰਗ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਤੋਂ ਇਕ ਦਿਨ ਪਹਿਲਾਂ ਪਰਤਣ ਮਗਰੋਂ ਹੋਈ ਹੈ।

ਇਸ ਦੌਰਾਨ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਕਮਿਸ਼ਨ ਨੇ ਇਕ ਹੋਰ ਟਵੀਟ ਵਿੱਚ ਕਿਹਾ,‘ਐਚਸੀਆਈ ਦੀ ਟੀਮ ਉਨ੍ਹਾਂ ਦੇ ਸਹਿਯੋਗ ਅਤੇ ਉਤਸ਼ਾਹ ਭਰੇ ਸ਼ਬਦਾਂ ਲਈ ਧੰਨਵਾਦੀ ਹੈ।