ਐਸ਼ਵਰਿਆ ਤੋਮਰ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ

**EDS: TWITTER IMAGE POSTED BY @Media_SAI ON TUESDAY, OCT. 5, 2021** Lima: Aishwary Pratap Singh wins gold medal at ISSF Jr. World Championships 2021, Lima, Peru. (PTI Photo)(PTI10_05_2021_000014B)

ਲੀਮਾ:ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਗ਼ਮਾ ਜਿੱਤ ਲਿਆ। ਤੋਮਰ ਨੇ ਕੁਆਲੀਫਿਕੇਸ਼ਨ ਗੇੜ ਵਿੱਚ 1185 ਦਾ ਸਕੋਰ ਬਣਾ ਕੇ ਜੂਨੀਅਰ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਨੌਜਵਾਨ ਖਿਡਾਰੀ ਨੇ ਇਸ ਮਗਰੋਂ ਫਾਈਨਲ ਵਿੱਚ 463.4 ਅੰਕ ਬਣਾ ਕੇ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ। ਉਹ ਫਰਾਂਸ ਦੇ ਲੁਕਾਸ ਕ੍ਰਾਈਜ਼ਸ ਤੋਂ ਲਗਪਗ ਸੱਤ ਅੰਕ ਅੱਗੇ ਰਿਹਾ, ਜਿਸ ਨੇ 456.5 ਅੰਕ ਬਣਾ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਅਮਰੀਕਾ ਦੇ ਗੇਵਿਨ ਬਾਰਨਿਕ ਨੇ 446.6 ਅੰਕ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਹੋਰ ਨਿਸ਼ਾਨੇਬਾਜ਼ਾਂ ਵਿੱਚ ਸੰਸਕਾਰ ਹਵੇਲੀਆ 11ਵੇਂ, ਪੰਕਜ ਮੁਖੇਜਾ 15ਵੇਂ, ਸਰਤਾਜ ਟਿਵਾਣਾ 16ਵੇਂ ਅਤੇ ਗੁਰਮਨ ਸਿੰਘ 22ਵੇਂ ਸਥਾਨ ’ਤੇ ਰਹੇ। ਇਸ ਤੋਂ ਪਹਿਲਾਂ 14 ਸਾਲ ਦੀ ਨਿਸ਼ਾਨੇਬਾਜ਼ ਨਾਮਿਆ ਕਪੂਰ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਉਹ ਫਰਾਂਸ ਦੀ ਕੈਮਿਲੀ ਜੈਦਰਾਜੇਵਸਕੀ (33) ਅਤੇ 19 ਸਾਲਾ ਓਲੰਪੀਅਨ ਮਨੂ ਭਾਕਰ (31) ਤੋਂ ਅੱਗੇ ਰਹੀ।