ਕੰਜ਼ਰਵੇਟਿਵ ਐਮਪੀਜ਼ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਦੇ ਪੱਖ ਵਿੱਚ ਪਾਈ ਗਈ ਵੋਟ

ਓਟਵਾ : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਚੁਣੇ ਗਏ 118 ਮੈਂਬਰਾਂ ਦਾ ਸਮਰਥਨ ਉਨ੍ਹਾਂ ਨੂੰ ਹਾਸਲ ਹੈ। ਪਾਰਟੀ ਮੈਂਬਰਾਂ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਲਈ ਵੋਟ ਪਾਏ ਜਾਣ ਦੇ ਬਾਵਜੂਦ ਓਟੂਲ ਦਾ ਇਹ ਦਾਅਵਾ ਕਿੰਨਾਂ ਕੁ ਸੱਚ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਫੈਡਰਲ ਚੋਣਾਂ ਵਿੱਚ ਹਾਰ ਤੋਂ ਬਾਅਦ ਮੰਗਲਵਾਰ ਨੂੰ ਓਟਵਾ ਵਿੱਚ ਕੰਜ਼ਰਵੇਟਿਵ ਐਮਪੀਜ਼ ਪਹਿਲੀ ਵਾਰੀ ਇੱਕਠੇ ਹੋਏ।ਇੱਥੇ ਦੱਸਣਾ ਬਣਦਾ ਹੈ ਕਿ ਸਾਬਕਾ ਆਗੂ ਐਂਡਰਿਊ ਸ਼ੀਅਰ ਦੀ ਅਗਵਾਈ ਵਿੱਚ ਕੰਜ਼ਰਵੇਟਿਵਾਂ ਨੇ ਜਿੰਨੀਆਂ ਸੀਟਾਂ ਜਿੱਤੀਆਂ ਸਨ ਓਟੂਲ ਦੀ ਅਗਵਾਈ ਵਿੱਚ ਉਸ ਨਾਲੋਂ ਐਤਕੀਂ ਦੋ ਘੱਟ ਸੀਟਾਂ ਪਾਰਟੀ ਨੂੰ ਹਾਸਲ ਹੋਈਆਂ ਹਨ। ਗ੍ਰੇਟਰ ਟੋਰਾਂਟੋ ਏਰੀਆ, ਕਿਊਬਿਕ ਤੇ ਮੈਟਰੋ ਵੈਨਕੂਵਰ ਵਿੱਚ ਵੀ ਪਾਰਟੀ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ।
ਇਸ ਦੇ ਬਾਵਜੂਦ ਓਟੂਲ ਵੱਲੋਂ ਚੋਣਾਂ ਤੋਂ ਲੈ ਕੇ ਹੁਣ ਤੱਕ ਸਕਾਰਾਤਮਕ ਰੌਂਅ ਹੀ ਰੱਖਿਆ ਜਾ ਰਿਹਾ ਹੈ। ਉਹ ਇਸ ਗੱਲ ਉੱਤੇ ਹੀ ਜ਼ੋਰ ਦਿੰਦੇ ਨਜ਼ਰ ਆਏ ਹਨ ਕਿ ਓਨਟਾਰੀਓ ਵਿੱਚ ਵੀ ਉਨ੍ਹਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਵਧੀ ਹੈ ਤੇ ਕਿਵੇਂ ਐਟਲਾਂਟਿਕ ਕੈਨੇਡਾ ਵਿੱਚ ਵੀ ਉਹ ਨਵੀਆਂ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ। ਮੰਗਲਵਾਰ ਨੂੰ ਕੰਜ਼ਰਵੇਟਿਵ ਐਮਪੀਜ਼ ਦੀ ਮੀਟਿੰਗ ਅੰਦਾਜ਼ਨ ਛੇ ਘੰਟੇ ਚੱਲੀ, ਇਸ ਦੌਰਾਨ ਉਨ੍ਹਾਂ ਵੱਲੋਂ ਓਟੂਲ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਦੇ ਪੱਖ ਵਿੱਚ ਵੋਟ ਪਾਈ ਗਈ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਟੂਲ ਨੇ ਆਖਿਆ ਕਿ ਉਨ੍ਹਾਂ ਦੀ ਲੀਡਰਸਿ਼ਪ ਦਾ ਮੁਲਾਂਕਣ ਕਰਨ ਨਾਲ ਉਨ੍ਹਾਂ ਦੇ ਸਿਰ ਉੱਤੇ ਕੋਈ ਤਲਵਾਰ ਨਹੀਂ ਲਟਕ ਰਹੀ।ਉਨ੍ਹਾਂ ਆਖਿਆ ਕਿ ਟੀਮ ਵਜੋਂ ਉਹ ਸਾਰੇ ਇੱਕਜੁੱਟ ਹਨ। ਸਾਡੀ ਇਹ ਪ੍ਰਕਿਰਿਆ ਬਹੁਤ ਹੀ ਪਾਰਦਰਸ਼ੀ ਤੇ ਸਹੀ ਹੈ।