ਟੋਰਾਂਟੋ : ਚਾਥਮ-ਕੈਂਟ-ਲੈਮਿੰਗਟਨ ਤੋਂ ਐਮਪੀਪੀ ਰਿੱਕ ਨਿਕੋਲਸ ਨੂੰ ਡਿਪਟੀ ਸਪੀਕਰ ਦੀ ਭੂਮਿਕਾ ਤੋਂ ਹਟਾ ਦਿੱਤਾ ਗਿਆ ਹੈ। ਉਹ ਪੂਰੇ ਸੱਤ ਸਾਲ ਇਸ ਅਹੁਦੇ ਉੱਤੇ ਬਣੇ ਰਹੇ।
ਨਿਕੋਲਸ ਉਹੀ ਕੰਜ਼ਰਵੇਟਿਵ ਆਗੂ ਹਨ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲਵਾੳਣ ਤੋਂ ਇਨਕਾਰ ਕਰਨ ਤੋਂ ਬਾਅਦ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਮੰਗਲਵਾਰ ਸਵੇਰੇ ਕੁਈਨਜ਼ ਪਾਰਕ ਵਿਖੇ ਨਿਕੋਲਸ ਨੇ ਐਲਾਨ ਕੀਤਾ ਕਿ ਉਹ ਅੱਜ ਦੀਆਂ ਤੇ ਅਤੀਤ ਦੀਆਂ ਘਟਨਾਵਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਪਾਸੇ ਹੋ ਰਹੇ ਹਨ। ਪਰ ਪ੍ਰੀਮੀਅਰ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਨਿਕੋਲਸ ਨੂੰ ਅਸਲ ਵਿੱਚ ਪਹਿਲਾਂ ਹੀ ਦਿਨ ਵੇਲੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਨਿਕੋਲਸ ਨੇ ਇਹ ਵੀ ਆਖਿਆ ਕਿ ਮੀਡੀਆ ਦੀਆਂ ਰਿਪੋਰਟਾਂ ਤੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਥਾਂ ਕੌਣ ਲੈ ਸਕਦਾ ਹੈ। ਉਨ੍ਹਾਂ ਆਖਿਆ ਕਿ ਇੱਥੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਦਾ ਬਦਲ ਚੁਣ ਰੱਖਿਆ ਸੀ। ਉਨ੍ਹਾਂ ਇਹ ਵੀ ਆਖਿਆ ਕਿ ਉਹ ਸਬੰਧਤ ਸ਼ਖ਼ਸ ਨੂੰ ਜਾਣਦੇ ਹਨ ਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਨ।
ਸੋਮਵਾਰ ਨੂੰ ਹੀ ਇਹ ਕਨਸੋਆਂ ਸਨ ਕਿ ਨਿਕੋਲਸ ਨੂੰ ਹਟਾਉਣ ਲਈ ਵਿਧਾਨਸਭਾ ਵਿੱਚ ਮਤਾ ਪੇਸ਼ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਥਾਂ ਪੀਸੀ ਪਾਰਟੀ ਦੇ ਐਮਪੀਪੀ ਬਿੱਲ ਵਾਕਰ ਲੈਣਗੇ। ਨਿਕੋਲਸ ਨੂੰ ਅਗਸਤ ਵਿੱਚ ਹੀ ਪੀਸੀ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਇਹ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਤਨੀ ਨੇ ਨਿਜੀ ਕਾਰਨਾਂ ਕਰਕੇ ਟੀਕਾਕਰਣ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ। ਹੁਣ ਉਹ ਆਜ਼ਾਦ ਐਮਪੀਪੀ ਵਜੋਂ ਵਿਧਾਨਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣਗੇ।
ਪੀਸੀ ਪਾਰਟੀ ਵੱਲੋਂ ਨਿਕੋਲਸ ਨੂੰ ਡਿਪਟੀ ਸਪੀਕਰ ਦੀ ਭੂਮਿਕਾ ਤੋਂ ਹਟਾਇਆ ਗਿਆ
