ਚੰਨੀ ਦੇ ਪੁੱਤ ਦੇ ਵਿਆਹ ਸਮਾਗਮ ’ਚ ਪੁੱਜੇ ਮੰਤਰੀ ਤੇ ਵਿਧਾਇਕ

ਮੋਰਿੰਡਾ 

ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ’ਤੇ ਅੱਜ ਉਨ੍ਹਾਂ ਦੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਸਬੰਧੀ ਸਮਾਗਮ ਆਰੰਭ ਹੋਏ, ਜਿਸ ਵਿੱਚ ਪੰਜਾਬ ਭਰ ਤੋਂ ਵੱਖ-ਵੱਖ ਮਹਿਕਮਿਆਂ ਦੇ ਮੰਤਰੀ, ਵਿਧਾਇਕ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਅੱਜ ਚਰਨਜੀਤ ਸਿੰਘ ਚੰਨੀ ਦੇ ਘਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਮਗਰੋਂ ਕੀਰਤਨ ਸਮਾਗਮ ਹੋਇਆ। ਸਮਾਗਮ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ, ਖੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਅੰਗਦ ਸਿੰਘ, ਸਾਬਕਾ ਵਿਧਾਇਕ ਭਾਗ ਸਿੰਘ ਤੇ ਬਲਦੇਵ ਸਿੰਘ ਕੰਗ, ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੈ ਸ਼ਰਮਾ ਟਿੰਕੂ, ਡਾ. ਮਨੋਹਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਤੋਂ ਇਲਾਵਾ ਅਵਤਾਰ ਸਿੰਘ ਟਿੱਬੀ ਸਾਹਿਬ, ਕਮਲਜੀਤ ਕੌਰ ਸੋਲਖੀਆਂ, ਬਾਬਾ ਪਰਮਜੀਤ ਸਿੰਘ ਹੰਸਾਲੀ, ਵਰਲਡ ਸਿੱਖ ਮਿਸ਼ਨ ਤਰਫੋਂ ਤੀਰਥ ਸਿੰਘ ਭਟੋਆ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਹੋਏ।