ਬਟਾਲਾ/ਧਾਰੀਵਾਲ
ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਪਿੰਡ ਸੇਖਵਾਂ ਦੀ ਜੂਹ ’ਚ ਪੈਂਦੇ ਸ਼ਮਸ਼ਾਨਘਾਟ ਵਿੱਚ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਵੱਖ-ਵੱਖ ਰਾਜਸੀ ਧਿਰਾਂ ਦੇ ਆਗੂ, ਧਾਰਮਿਕ, ਸਮਾਜ ਸੇਵੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਬਟਾਲਾ ਪੁਲੀਸ ਦੀ ਟੁੱਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਸ੍ਰੀ ਸੇਖਵਾਂ ਦੀ ਚਿਤਾ ਨੂੰ ਅੱਗ ਉਨ੍ਹਾਂ ਦੇ ਪੁੱਤਰ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਤੇ ਮਹਿਰਾਜ ਸਿੰਘ ਸੇਖਵਾਂ ਨੇ ਦਿਖਾਈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਵੈਰਾਗਮਈ ਕੀਰਤਨ ਕਰਵਾਇਆ ਗਿਆ।
ਇਸ ਮੌਕੇ ਅੰਮ੍ਰਿਤਸਰ ਤੋਂ ਐੱਮਪੀ ਔਜਲਾ ਦੀ ਪਤਨੀ ਅੰਦਲੀਵ ਰਾਏ ਔਜਲਾ, ‘ਆਪ’ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਹੇਅਰ, ਸ਼ੈਰੀ ਕਲਸੀ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਗੁਲਜ਼ਾਰ ਸਿੰਘ ਰਣੀਕੇ, ਸੁੱਚਾ ਸਿੰਘ ਲੰਗਾਹ, ਮਾਸਟਰ ਮੋਹਨ ਲਾਲ (ਸਾਰੇ ਸਾਬਕਾ ਕੈਬਨਿਟ ਮੰਤਰੀ) ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸੁਰਜੀਤ ਸਿੰਘ ਤੁਗਲਵਾਲ, ਰਤਨ ਸਿੰਘ ਜ਼ਫਰਵਾਲ, ਅਹਿਮਦੀਆ ਭਾਈਚਾਰੇ ਤੋਂ ਰਹਿਮਾਨ-ਉਲ ਭੱਟੀ, ਨਰਿੰਦਰ ਸਿੰਘ ਸੇਖਵਾਂ, ਸ਼੍ਰੋਮਣੀ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ, ਬਟਾਲਾ ਦੇ ਐੱਸਐੱਸਪੀ ਅਸ਼ੀਸ਼ ਕਪੂਰ, ਡੀਸੀ ਮੁਹੰਮਦ ਇਸ਼ਫਾਕ, ਕਿਸਾਨ ਆਗੂ ਮਨਿੰਦਰਪਾਲ ਸਿੰਘ ਘੁੰਮਣ ਸਮੇਤ ਹੋਰਨਾਂ ਨੇ ਮਰਹੂਮ ਸੇਵਾ ਸਿੰਘ ਸੇਖਵਾਂ ਦੀ ਪਤਨੀ ਅਮਰਜੀਤ ਕੌਰ ਸੇਖਵਾਂ ਅਤੇ ਪੁੱਤਰਾਂ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਸੇਵਾ ਸਿੰਘ ਸੇਖਵਾਂ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੁੱਧਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ ਸੀ। ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸੇਖਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਮੈਂਬਰ ਰਹੇ ਅਤੇ ਗੁਰੂ ਘਰਾਂ ਦੇ ਪੰਥਕ ਪ੍ਰਬੰਧ ਲਈ ਸਹਿਯੋਗੀ ਬਣੇ। ਉਨ੍ਹਾਂ ਕਿਹਾ ਕਿ ਸ੍ਰੀ ਸੇਖਵਾਂ ਨੇ ਪੰਜਾਬ ਦੇ ਹਿਤਾਂ ਲਈ ਲੜੇ ਸੰਘਰਸ਼ਾਂ ਦੌਰਾਨ ਵੀ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਦੁੱਖ ਪ੍ਰਗਟਾਇਆ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ’ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਸ੍ਰੀ ਢੀਂਡਸਾ ਨੇ ਕਿਹਾ ਸੇਵਾ ਸਿੰਘ ਸੇਖਵਾਂ ਨੇਕ ਦਿਲ ਇਨਸਾਨ ਤੇ ਸੂਝਵਾਨ ਲੀਡਰ ਸਨ, ਜੋ ਆਪਣੇ ਕੰਮ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ।