ਪੁਲੀਸ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਬੂਹੇ ’ਤੇ ਪੁੱਜੇ ਕਿਸਾਨ

ਲੰਬੀ 

ਤਿੰਨ ਦਿਨਾਂ ਤੋਂ ਮੁਆਵਜ਼ੇ ਦੀ ਮੰਗ ਸਬੰਧੀ ਬਾਦਲ ਪਿੰਡ ਵਿੱਚ ਪੱਕੇ ਮੋਰਚੇ ’ਤੇ ਬੈਠੇ ਵੱਡੀ ਗਿਣਤੀ ਕਿਸਾਨਾਂ ਨੇ ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ’ਤੇ ਅੱਜ ਪੁਲੀਸ ਨਾਕਾ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਦੇ ਘਰ ਦਾ ਘਿਰਾਓ ਕੀਤਾ। ਪੁਲੀਸ ਪ੍ਰਸ਼ਾਸਨ, ਜਲ ਤੋਪਾਂ ਤੇ ਵੱਡੇ-ਉੱਚੇ ਬੈਰੀਕੇਡ ਵੀ ਰੋਹ ਵਿੱਚ ਆਏ ਕਿਸਾਨਾਂ ਨੂੰ ਰੋਕ ਨਹੀਂ ਸਕੇ। ਯੂਨੀਅਨ ਨੇ ਦੋ ਘੰਟੇ ਪਹਿਲਾਂ ਪ੍ਰਸ਼ਾਸਨ ਨੂੰ ਨਾਕਾ ਤੋੜਨ ਦੀ ਚਿਤਾਵਨੀ ਦਿੱਤੀ ਸੀ, ਜਿਸ ਮਗਰੋਂ ਮੌਜੂਦ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲ ਕਰਵਾਉਣ ਦੀ ਗੱਲ ਕਹੀ ਪਰ ਕਿਸਾਨਾਂ ਨੇ ਮੁਆਵਜ਼ੇ ਤੋਂ ਘੱਟ ਕਿਸੇ ਮੁੱਦੇ ’ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਅਤੇ ਕੁਦਰਤੀ ਕਾਰਨਾਂ ਕਰਕੇ ਨਰਮੇ ਸਮੇਤ ਹੋਰ ਸਾਉਣੀ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ, ਜਿਸ ਦੇ ਮੁਆਵਜ਼ੇ ਲਈ 5 ਅਕਤੂਬਰ ਤੋਂ ਕਿਸਾਨ-ਮਜ਼ਦੂਰ ਬਾਦਲ ਪਿੰਡ ਵਿੱਚ ਪੱਕਾ ਮੋਰਚਾ ਲਾਈ ਬੈਠੇ ਹਨ। ਜ਼ਿਲ੍ਹਾ ਮਾਨਸਾ ਦੇ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕਿਸਾਨਾਂ ਦਾ ਸੱਚਾ ਹਿਤੈਸ਼ੀ ਹੈ ਤਾਂ ਨਰਮੇ ਦਾ ਮੁਆਵਜ਼ਾ ਦੇਣ ਦੀ ਉਸ ਕੋਲ ਲੋਕਤੰਤਰਿਕ ਤਾਕਤ ਹੈ, ਉਹ ਇਸ ਬਾਰੇ ਤੁਰੰਤ ਐਲਾਨ ਕਰੇ।

ਵਿੱਤ ਮੰਤਰੀ ਦੇ ਘਰ ਦੇ ਘਿਰਾਓ ਮਗਰੋਂ ਮਲੋਟ ਦੇ ਕਾਰਜਕਾਰੀ ਐੱਸਡੀਐੱਮ ਗਿੱਦੜਬਾਹਾ, ਐੱਸਪੀ (ਡੀ) ਰਾਜਪਾਲ ਸਿੰਘ ਤੇ ਡੀਐੱਸਪੀ ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਸਾਨ ਆਗੂਆਂ ਨਾਲ ਵਾਅਦਾ ਕੀਤਾ ਕਿ 8 ਅਕਤੂਬਰ ਨੂੰ ਸਵੇਰੇ ਜਥੇਬੰਦੀ ਦੀ ਗੱਲਬਾਤ ਸਰਕਾਰ ਨਾਲ ਕਰਵਾਉਣਗੇ। ਇਸ ਮਗਰੋਂ ਕਿਸਾਨਾਂ ਨੇ ਵਿੱਤ ਮੰਤਰੀ ਦੇ ਬੂਹੇ ਅੱਗਿਓਂ ਹਟ ਕੇ ਪਹਿਲਾਂ ਤੋਂ ਜਾਰੀ ਮੋਰਚੇ ਵਾਲੀ ਥਾਂ ’ਤੇ ਧਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਅੱਜ ਦੇਰ ਸ਼ਾਮ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ’ਚ ਐੱਸਡੀਐੱਮ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਦੇ ਮੰਤਰੀਆਂ ਦੀ ਲਖੀਮਪੁਰ ਖੀਰੀ ਤੋਂ ਵਾਪਸੀ ਮਗਰੋਂ ਹੀ ਕਿਸਾਨਾਂ ਨਾਲ ਗੱਲਬਾਤ ਸੰਭਵ ਹੋ ਸਕੇਗੀ। ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਦੀਵਾਲੀ ਤੋਂ ਪਹਿਲਾਂ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ।