‘ਭਾਰਤ ਸਰਹੱਦ ਪਾਰੋਂ ਆਉਂਦੇ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਅਤਿਵਾਦੀ ਗੁੱਟਾਂ ਤੋਂ ਪ੍ਰਭਾਵਿਤ’

ਸੰਯੁਕਤ ਰਾਸ਼ਟਰ 

ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧ ਟੀ ਐੱਸ ਤ੍ਰਿਮੂਰਤੀ ਨੇ ਪਾਕਿਸਤਾਨ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਸਰਹੱਦ ਪਾਰੋਂ ਤਸਕਰੀ ਰਾਹੀਂ ਆਉਂਦੇ ਹਥਿਆਰਾਂ ਦੀ ਵਰਤੋਂ ਕਰਨ ਵਾਲੇ ਅਤਿਵਾਦੀ ਗੁੱਟਾਂ ਤੋਂ ਕਈ ਦਹਾਕਿਆਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਆਲਮੀ ਭਾਈਚਾਰੇ ਨੂੰ ਅਜਿਹੇ ਅਤਿਵਾਦੀ ਗੁੱਟਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਨ ਦਾ ਸੱਦਾ ਦਿੱਤਾ। ਤ੍ਰਿਮੂਰਤੀ ਨੇ ਛੋਟੇ ਅਤੇ ਹਲਕੇ ਹਥਿਆਰਾਂ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇਕ ਬੈਠਕ ’ਚ ਅਤਿਵਾਦੀਆਂ ਅਤੇ ਦਹਿਸ਼ਤੀ ਗੁੱਟਾਂ ਨੂੰ ਹਥਿਆਰ ਦਿੱਤੋ ਜਾਣ ਦੇਣ ਅਤੇ ਉਨ੍ਹਾਂ ਦੀ ਤਸਕਰੀ ਕੀਤੇ ਜਾਣ ’ਤੇ ਪਰਿਸ਼ਦ ਦੇ ਧਿਆਨ ਦੇਣ ਦੀ ਲੋੜ ਨੂੰ ਦ੍ਰਿੜ੍ਹਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦਾ ਅਤਿਵਾਦੀਆਂ ਦੇ ਹੱਥਾਂ ’ਚ ਹੋਣਾ ਘਾਤਕ ਹੈ ਜੋ ਅੰਨ੍ਹੇਵਾਹ ਇਨ੍ਹਾਂ ਦੀ ਵਰਤੋਂ ਔਰਤਾਂ, ਬੱਚਿਆਂ ਅਤੇ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕਰਦੇ ਹਨ। ‘ਹੁਣ ਤਾਂ ਡਰੋਨ ਰਾਹੀਂ ਵੀ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਹ ਹਥਿਆਰ ਅਤਿਵਾਦੀ ਬਿਨਾਂ ਕਿਸੇ ਮੁਲਕ ਦੀ ਸਹਾਇਤਾ ਜਾਂ ਸਮਰਥਨ ਤੋਂ ਹਾਸਲ ਨਹੀਂ ਕਰ ਸਕਦੇ ਹਨ।’ ਉਨ੍ਹਾਂ ਕਿਹਾ ਕਿ ਅਤਿਵਾਦੀ ਗੁੱਟਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੀ ਸਪੱਸ਼ਟ ਤੌਰ ’ਤੇ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ।