ਕੈਮਲੂਪਸ: ਕੈਮਲੂਪਸ ਤੇ ਸੈਕਵੇਪੈਮਕ ਫਰਸਟ ਨੇਸ਼ਨ ਦਾ ਕਹਿਣਾ ਹੈ ਕਿ ਪਹਿਲੇ ਨੈਸ਼ਨਲ ਡੇਅ ਫੌਰ ਟਰੁੱਥ ਐਂਡ ਰੀਕੌਂਸੀਲਿਏਸ਼ਨ ਮੌਕੇ ਦਿੱਤੇ ਗਏ ਸੱਦੇ ਦਾ ਕੋਈ ਜਵਾਬ ਨਾ ਦੇ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਡੀ ਬੇਇੱਜ਼ਤੀ ਕੀਤੀ ਹੈ। ਇਸ ਦੇ ਨਾਲ ਹੀ ਟਰੂਡੋ ਰੈਜ਼ੀਡੈਂਸ਼ੀਅਲ ਸਕੂਲਜ਼ ਦੇ ਸਰਵਾਈਵਰਜ਼ ਪ੍ਰਤੀ ਵਚਨਬੱਧਤਾ ਨਿਭਾਉਣ ਦਾ ਮੌਕਾ ਵੀ ਗੁਆ ਬੈਠੇ ਹਨ।
ਕੈਮਲੂਪਸ, ਬੀਸੀ ਵਿੱਚ ਫਰਸਟ ਨੇਸ਼ਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਦੋ ਪੱਤਰਾਂ ਦੇ ਜਵਾਬ ਨਾ ਦੇਣਾਂ ਉਨ੍ਹਾਂ ਦੀ ਵੱਡੀ ਬੇਇੱਜ਼ਤੀ ਹੈ। ਪਰ ਇਸ ਮਹੀਨੇ ਦੇ ਅਖੀਰ ਵਿੱਚ ਟਰੂਡੋ ਦੇ ਕਮਿਊਨਿਟੀ ਨਾਲ ਮੁਲਾਕਾਤ ਕਰਨ ਲਈ ਆਉਣ ਦਾ ਉਹ ਰਾਹ ਵੇਖ ਰਹੇ ਹਨ। ਇਸ ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਟਰੂਡੋ ਦੀ ਹਾਜ਼ਰੀ ਨਾਲ ਬਹੁਤ ਫਰਕ ਪੈਣਾ ਸੀ ਤੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੀਆਂ ਇਤਿਹਾਸਕ ਗਲਤੀਆਂ ਨੂੰ ਸੁਧਾਰਨ ਤੇ ਅਸਲ ਤਬਦੀਲੀ ਲਿਆਉਣ ਪ੍ਰਤੀ ਪ੍ਰਧਾਨ ਮੰਤਰੀ ਦੀ ਨਿਜੀ ਵਚਨਬੱਧਤਾ ਪੂਰੀ ਦੁਨੀਆ ਨੂੰ ਨਜ਼ਰ ਆਉਣੀ ਸੀ।ਅਜਿਹਾ ਕਰਨ ਨਾਲ ਦੁੱਖਾਂ ਵਿੱਚ ਡੁੱਬੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼ ਦੇ ਜ਼ਖਮਾਂ ਉੱਤੇ ਮੱਲ੍ਹਮ ਵੀ ਲੱਗਣੀ ਸੀ।
ਪ੍ਰਧਾਨ ਮੰਤਰੀ ਦੀ ਹਾਜ਼ਰੀ ਨੇ ਨਾਲ ਕਈ ਪਰਿਵਾਰਾਂ ਨੂੰ ਸ਼ਾਂਤੀ ਮਿਲਣੀ ਸੀ। ਬੁੱਧਵਾਰ ਨੂੰ ਟਰੂਡੋ ਨੇ ਇਹ ਆਖਿਆ ਸੀ ਕਿ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਸਰਵਾਈਵਰਜ਼ ਦੇ ਸਨਮਾਨ ਲਈ ਰੱਖੇ ਗਏ ਖਾਸ ਦਿਨ ਬੀਸੀ ਵਿੱਚ ਟੋਫੀਨੋ ਵਿਖੇ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਣਾ ਉਨ੍ਹਾਂ ਦੀ ਬੱਜਰ ਗਲਤੀ ਸੀ।ਫਰਸਟ ਨੇਸ਼ਨਜ਼ ਦਾ ਕਹਿਣਾ ਹੈ ਕਿ ਸਾਨੂੰ ਅਜਿਹੀਆਂ ਮੁਆਫੀਆਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਜਿਹੜੀਆਂ ਵੱਡੀ ਪੱਧਰ ਉੱਤੇ ਤਬਦੀਲੀ ਨਾ ਲਿਆ ਸਕਣ।
ਪ੍ਰਧਾਨ ਮੰਤਰੀ ਵੱਲੋਂ ਸਾਡੇ ਸੱਦਿਆਂ ਦਾ ਜਵਾਬ ਨਾ ਦਿੱਤਾ ਜਾਣਾ ਸਾਡੀ ਬੇਇੱਜ਼ਤੀ : ਫਰਸਟ ਨੇਸ਼ਨ
