ਟੋਰਾਂਟੋ : ਨੈਨੋਜ਼ ਰਿਸਰਚ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਅਨੁਸਾਰ ਬਹੁਗਿਣਤੀ ਵਿੱਚ ਕੈਨੇਡੀਅਨਜ਼ ਨੇ ਕੋਵਿਡ-19 ਵੈਕਸੀਨ ਦਾ ਬੂਸਟਰ ਸ਼ੌਟ ਲੈਣ ਦੀ ਇੱਛਾ ਪ੍ਰਗਟਾਈ ਹੈ।
ਕੌਮੀ ਸਰਵੇਖਣ ਅਨੁਸਾਰ 69 ਫੀ ਸਦੀ ਕੈਨੇਡੀਅਨਜ਼ ਇਸ ਸ਼ੌਟ ਦੇ ਹੱਕ ਵਿੱਚ ਹਨ ਅਤੇ 15 ਫੀ ਸਦੀ ਇਸ ਤੀਜੀ ਡੋਜ਼ ਦੇ ਕੁੱਝ ਹੱਦ ਤੱਕ ਹੱਕ ਵਿੱਚ ਹਨ। 55 ਸਾਲ ਤੋਂ ਵੱਧ ਉਮਰ ਦੇ ਕੈਨੇਡੀਅਨਜ਼ ਵਿੱਚ ਇਹ ਸ਼ੌਟਸ ਲਵਾਉਣ ਦੀ ਦਿਲਚਸਪੀ ਸੱਭ ਤੋਂ ਜਿ਼ਆਦਾ ਹੈ, 76 ਫੀ ਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਬੂਸਟਰ ਸ਼ੌਟ ਲਵਾਉਣ ਵਿੱਚ ਕੋਈ ਇਤਰਾਜ਼ ਨਹੀਂ ਤੇ 17 ਫੀ ਸਦੀ ਹੋਰਨਾਂ ਦਾ ਕਹਿਣਾ ਹੈ ਕਿ ਉਹ ਕੁੱਝ ਹੱਦ ਤੱਕ ਦਿਲਚਸਪੀ ਰੱਖਦੇ ਹਨ।
ਜਿੱਥੇ 84 ਫੀ ਸਦੀ ਪੁਰਸ਼ ਇਹ ਟੀਕਾ ਲਵਾਉਣ ਦੇ ਪੱਖ ਵਿੱਚ ਹਨ ਉੱਥੇ ਹੀ 83 ਫੀ ਸਦੀ ਮਹਿਲਾਵਾਂ ਵੀ ਇਹ ਟੀਕਾ ਲਵਾਉਣ ਦੇ ਪੱਖ ਵਿੱਚ ਹਨ। ਸੱਭ ਤੋਂ ਵੱਧ 77 ਫੀ ਸਦੀ ਬੀ ਸੀ ਵਾਸੀ, ਫਿਰ ਐਟਲਾਂਟਿਕ ਕੈਨੇਡਾ ਤੇ ਓਨਟਾਰੀਓ ਵਾਸੀ 72 ਫੀ ਸਦੀ, ਪ੍ਰੇਰੀਜ਼ ਵਾਸੀ 65 ਫੀ ਸਦੀ ਤੇ ਕਿਊਬਿਕ ਵਾਸੀ 63 ਫੀ ਸਦੀ ਇਸ ਸ਼ੌਟ ਦੇ ਹੱਕ ਵਿੱਚ ਹਨ।
ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ ) ਵੱਲੋਂ ਇਸ ਸਮੇਂ ਸਿਰਫ ਲਾਂਗ ਟਰਮ ਕੇਅਰ ਹੋਮਜ਼ ਵਿੱਚ ਰਹਿਣ ਵਾਲਿਆਂ ਜਾਂ ਕੰਪਰੋਮਾਈਜ਼ਡ ਇਮਿਊਨ ਸਿਸਟਮਜ਼ ਵਾਲਿਆਂ ਨੂੰ ਹੀ ਇਹ ਬੂਸਟਰ ਸ਼ੌਟ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਬਹੁਗਿਣਤੀ ਕੈਨੇਡੀਅਨਜ਼ ਲਵਾਉਣਾ ਚਾਹੁੰਦੇ ਹਨ ਕੋਵਿਡ-19 ਬੂਸਟਰ ਸ਼ੌਟ : ਨੈਨੋਜ਼
