ਮਾਸਕੋ
ਰੂਸ ਦੇ ਤਤਾਰਸਤਾਨ ਖਿੱਤੇ ਵਿੱਚ ਐਤਵਾਰ ਨੂੰ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 16 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਛੇ ਫੱਟੜ ਹੋ ਗਏ। ਇਹ ਜਾਣਕਾਰੀ ਸੰਕਟਕਾਲੀਨ ਮੰਤਰਾਲੇ ਨੇ ਸਾਂਝੀ ਕੀਤੀ। ਖੇਤਰੀ ਗਵਰਨਰ ਰੁਸਤਮ ਮਿਨੀਖਾਨੋਵ ਨੇ ਦੱਸਿਆ ਕਿ 70 ਮੀਟਰ ਦੀ ਉਚਾਈ ’ਤੇ ਪਾਇਲਟ ਨੇ ਰਿਪੋਰਟ ਦਿੱਤੀ ਕਿ ਜਹਾਜ਼ ਦੇ ਖੱਬੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਅਤੇ ਮੇਨਜ਼ੇਲਿੰਸਕ ਸ਼ਹਿਰ ਨੇੜੇ ਸੰਕਟਕਾਲੀਨ ਲੈਂਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਹਾਜ਼ ਦਾ ਪਰ ਕਿਸੇ ਵਾਹਨ ਨਾਲ ਟਕਰਾ ਕੇ ਪਲਟ ਗਿਆ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਜਹਾਜ਼ ਵਿੱਚ 20 ਪੈਰਾਸ਼ੂਟ ਜੰਪਰ’ਜ਼ ਤੇ ਚਾਲਕ ਦਲ ਦੇ ਦੋ ਮੈਂਬਰ ਸਵਾਰ ਸਨ। ਉਨ੍ਹਾਂ ਦੱਸਿਆ ਕਿ ਛੇ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਐਰੋਕਲੱਬ ਨੇ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਇਸ ਦੀ ਜਾਂਚ ਕਰਾਉਣ ਦੀ ਗੱਲ ਆਖੀ। ਟੀਏਐੱਸਐੱਸ ਅਨੁਸਾਰ, ਕਲੱਬ ਦੇ ਡਾਇਰੈਕਟਰ ਰਵੀਲ ਨੂਰਮੁਖਮੇਤੋਵ ਨੇ ਕਿਹਾ, ‘ਪੁਲਾੜ ਯਾਤਰੀ ਇਸ ਖੇਤਰ ਦੀ ਵਰਤੋਂ ਸਿਖਲਾਈ ਲਈ ਕਰਦੇ ਹਨ ਅਤੇ ਏਰੋਕਲੱਬ ਨੇ ਸਥਾਨਕ, ਯੂਰਪੀਅਨ ਚੈਂਪੀਅਨਸ਼ਿਪਾਂ ਅਤੇ ਇੱਕ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ ਹੈ।’ ਜਾਂਚ ਕਮੇਟੀ ਨੇ ਕਿਹਾ ਕਿ ਸੁਰੱਖਿਆ ਨੇਮਾਂ ਦੀ ਉਲੰਘਣਾ ਸਬੰਧੀ ਉਨ੍ਹਾਂ ਅਪਰਾਧਕ ਜਾਂਚ ਸ਼ੁਰੂ ਕਰ ਦਿੱਤੀ ਹੈ।