ਬਾਹਰ ਫਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਰਿਆਇਤਾਂ ਛੇਤੀ: ਆਸਟਰੇਲੀਆ

ਬਾਹਰ ਫਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਰਿਆਇਤਾਂ ਛੇਤੀ: ਆਸਟਰੇਲੀਆ

ਬ੍ਰਿਸਬਨ

ਇਮੀਗ੍ਰੇਸ਼ਨ ਮੰਤਰੀ ਅਲੈਕਸ ਹਾਕ ਨੇ ਆਸਟਰੇਲੀਆ ਤੋਂ ਬਾਹਰ ਫਸੇ ਹਜ਼ਾਰਾਂ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ 485 ਵੀਜ਼ਾ ਧਾਰਕਾਂ ਲਈ ਕੁਝ ਵੀਜ਼ਾ ਰਿਆਇਤਾਂ ਦਾ ਐਲਾਨ ਕਰੇਗੀ। ਦੱਸਣਯੋਗ ਹੈ ਕਿ ਵੀਜ਼ਾ ਸਬ-ਕਲਾਜ਼ 485 ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਲਈ ਹੁੰਦੀ ਹੈ ਜਿਨ੍ਹਾਂ ਨੇ ਆਸਟਰੇਲੀਆ ਵਿੱਚ ਦੋ ਸਾਲਾਂ ਦੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਨੂੰ 18 ਮਹੀਨਿਆਂ ਤੋਂ ਚਾਰ ਸਾਲਾਂ ਦਰਮਿਆਨ ਅਸਥਾਈ ਤੌਰ ’ਤੇ ਆਸਟਰੇਲੀਆ ਵਿੱਚ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਹੁੰਦੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਕਿਹਾ ਕਿ ਹੁਨਰਮੰਦ ਪਰਵਾਸ ਦੀ ਮੁੜ ਸ਼ੁਰੂਆਤ ਆਸਟਰੇਲੀਆ ਦੀ ਆਰਥਿਕਤਾ ਨੂੰ ਮੁੜ ਉਭਾਰਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਧਰ, ਗ੍ਰੀਨਜ਼ ਪਾਰਟੀ ਨੇ ਵੀ ਐਲਾਨ ਕੀਤਾ ਸੀ ਕਿ ਉਹ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਲਈ ਵੀਜ਼ਾ ਵਧਾਉਣ ਲਈ ਸਰਕਾਰ ਤੋਂ ਨਵੇਂ ਕਾਨੂੰਨ ਦੀ ਮੰਗ ਕਰਨਗੇ। ਗ੍ਰਹਿ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਇਸ ਸਮੇਂ ਲਗਭਗ 14,000 ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਆਸਟਰੇਲੀਆ ਤੋਂ ਬਾਹਰ ਫਸੇ ਹੋਏ ਹਨ ਅਤੇ ਬਹੁਤੇ ਭਾਰਤੀ ਹਨ।

International