ਅਮਿਤਾਭ ਬੱਚਨ 79 ਵਰ੍ਹਿਆਂ ਦੇ ਹੋਏ

ਅਮਿਤਾਭ ਬੱਚਨ 79 ਵਰ੍ਹਿਆਂ ਦੇ ਹੋਏ

ਮੁੰਬਈ:ਅਦਾਕਾਰ ਅਮਿਤਾਭ ਬੱਚਨ ਅੱਜ 79 ਸਾਲ ਦੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਦਿੱਤੇ ਪਿਆਰ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਐਤਵਾਰ ਰਾਤ ਨੂੰ ਆਪਣੇ ਬਲੌਗ ’ਤੇ ਲਿਖਿਆ ਕਿ ਜਨਮ ਦਿਨ ’ਤੇ ਆ ਰਹੇ ਹਰ ਸੁਨੇਹੇ ਦੀ ਹਾਮੀ ਭਰਨੀ ਅਸੰਭਵ ਹੈ ਪਰ ਪ੍ਰਸ਼ੰਸਕਾਂ ਦੇ ਸੰਦੇਸ਼ ਉਨ੍ਹਾਂ ਦੇ ਦਿਲ ਨੂੰ ਛੂਹ ਰਹੇ ਹਨ। ਉਨ੍ਹਾਂ ਲਿਖਿਆ, ‘‘ਵੱਡੀ ਗਿਣਤੀ ਵਿੱਚ ਆ ਰਹੀਆਂ ਸ਼ੁਭਕਾਮਨਾਵਾਂ ਪਿਆਰ ਦੇ ਨਿੱਘ ਨਾਲ ਭਰੀਆਂ ਹੋਈਆਂ ਹਨ। ਇਹ ਸ਼ੁਭਕਾਮਨਾਵਾਂ ਉਨ੍ਹਾਂ ਯਾਦਾਂ ਨਾਲ ਜੁੜੀਆਂ ਹਨ, ਜੋ ਅਸੀਂ ਸਾਲਾਂ ਤੋਂ ਸਾਂਝੀਆਂ ਕਰਦੇ ਆ ਰਹੇ ਹਾਂ। ਇਹ ਬੰਧਨ ਅਟੁੱਟ ਅਤੇ ਮਜ਼ਬੂਤ ਹੈ।’’ ਬੱਚਨ ਨੇ ਕਿਹਾ ਕਿ ਉਸ ਲਈ ਹਰ ਪ੍ਰਸ਼ੰਸਕ ਦਾ ਸੁਨੇਹਾ ਮਾਇਨੇ ਰੱਖਦਾ ਹੈ।

ਇਸ ਦੌਰਾਨ ਅਦਾਕਾਰ ਨੇ ਇੰਸਟਾਗ੍ਰਾਮ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘80ਵਿਆਂ ਵਿੱਚ ਦਾਖਲ ਹੋ ਰਿਹਾ ਹਾਂ।’’ ਅਮਿਤਾਭ ਬੱਚਨ ਭਾਰਤੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ’ਚੋਂ ਇੱਕ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਹਰ ਉਮਰ ਵਰਗ ਸ਼ਾਮਲ ਹੈ। 1970 ਦੇ ਦਹਾਕੇ ’ਚ ਵੱਡੀ ਸਕਰੀਨ ’ਤੇ ‘ਐਂਗਰੀ ਯੰਗਮੈਨ’ ਦੇ ਰੂਪ ਵਿੱਚ, 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਟੀਵੀ ਦੀ ਦੁਨੀਆਂ ’ਚ ਕਦਮ ਰੱਖ ਕੇ ਅਤੇ ਹੁਣ ਨਵੇਂ ਫਿਲਮਸਾਜ਼ਾਂ ਦੀਆਂ ਫਿਲਮਾਂ ਵਿੱਚ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ ਨਾਲ ਜੁੜੇ ਹੋਏ ਹਨ। ਪਿਛਲੇ ਸਾਲ ਉਨ੍ਹਾਂ ‘ਗੁਲਾਬੋ ਸਿਤਾਬੋ’ ਨਾਲ ਆਨਲਾਈਨ ਸਟ੍ਰੀਮਿੰਗ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ। ਆਉਂਦੇ ਦਿਨਾਂ ਵਿੱਚ ਅਮਿਤਾਭ ‘ਝੁੰਡ’, ‘ਬ੍ਰਹਮਾਸਤਰ’, ‘ਮੇਅਡੇਅ’ ਅਤੇ ‘ਅਲਵਿਦਾ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਉਣਗੇ।

ਅਮਿਤਾਭ ਬੱਚਨ ਨੇ ਆਪਣੇ 79ਵੇਂ ਜਨਮ ਦਿਨ ’ਤੇ ‘ਪਾਨ ਮਸਾਲਾ’ ਨਾਲ ਆਪਣਾ ਇਕਰਾਰ ਇਹ ਕਹਿੰਦਿਆਂ ਖ਼ਤਮ ਕਰ ਦਿੱਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਐਡ ਪਾਬੰਦੀਸ਼ੁਦਾ ਉਤਪਾਦ ਨਾਲ ਜੁੜੀ ਹੈ। ਇਸ ਸਬੰਧੀ ਅਮਿਤਾਭ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ‘ਕਮਲਾ ਪਸੰਦ’ ਦੀ ਐਡ ਪ੍ਰਸਾਰਿਤ ਹੋਣ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਬਰਾਂਡ ਨਾਲ ਸੰਪਰਕ ਕਰ ਕੇ ਇਕਰਾਰ ਖ਼ਤਮ ਕਰ ਲਿਆ। ਉਨ੍ਹਾਂ ਦੱਸਿਆ ਕਿ ਸ੍ਰੀ ਬੱਚਨ ਜਦੋਂ ਇਸ ਬਰਾਂਡ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਐਡ ਪਾਬੰਦੀਸ਼ੁਦਾ ਉਤਪਾਦ ਨਾਲ ਜੁੜੀ ਹੈ। ਇਸ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਪ੍ਰਚਾਰ ਲਈ ਮਿਲੇ ਪੈਸੇ ਵੀ ਵਾਪਸ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇੱਕ ਗ਼ੈਰ-ਸਰਕਾਰੀ ਜਥੇਬੰਦੀ ‘ਨੈਸ਼ਨਲ ਐਂਟੀ-ਤੰਬਾਕੂ ਆਰਗੇਨਾਈਜ਼ੇਸ਼ਨ’ ਨੇ ਅਮਿਤਾਭ ਬੱਚਨ ਨੂੰ ਅਪੀਲ ਕੀਤੀ ਸੀ ਕਿ ਉਹ ‘ਪਾਨ ਮਸਾਲਾ’ ਨੂੰ ਉਤਸ਼ਾਹਿਤ ਕਰਨ ਵਾਲੀ ਐਡ ਦਾ ਹਿੱਸਾ ਨਾ ਬਣਨ।

Entertainment