ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਆਰਮੀ ਕਮਾਂਡਰ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਟਲੀ

ਓਟਵਾ  : ਕੈਨੇਡੀਅਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਟ੍ਰੈਵਰ ਕੈਡੀਊ ਦੀ ਫੌਜ ਦੇ ਸਰਬਉੱਚ ਅਹੁਦੇ ਉੱਤੇ ਕੀਤੀ ਜਾਣ ਵਾਲੀ ਪ੍ਰਮੋਸ਼ਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।ਅਜਿਹਾ ਉਨ੍ਹਾਂ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਕਾਰਨ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਸਤੰਬਰ ਦੇ ਸ਼ੁਰੂ ਵਿੱਚ ਇੱਕ ਸੀਨੀਅਰ ਮਹਿਲਾ ਸੈਨਿਕ ਨੇ ਕੈਡਿਊ ਖਿਲਾਫ ਜਿਨਸੀ ਸੋ਼ਸ਼ਣ ਦਾ ਦੋਸ਼ ਲਗਾਇਆ ਸੀ ਜਿਸ ਸਬੰਧ ਵਿੱਚ ਇਸ ਮਹਿਲਾ ਸੈਨਿਕ ਵੱਲੋਂ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸ ( ਸੀ ਐਫ ਐਨ ਆਈ ਐਸ ), ਜੋ ਕਿ ਕੈਨੇਡੀਅਨ ਮਿਲਟਰੀ ਪੁਲਿਸ ਦਾ ਜਾਂਚ ਕਰਨ ਵਾਲਾ ਵਿੰਗ ਹੈ, ਨਾਲ ਵੀ ਗੱਲ ਕੀਤੀ ਗਈ ਸੀ।
ਕੈਡਿਊ ਨੇ 7 ਸਤੰਬਰ ਨੂੰ ਆਰਮੀ ਕਮਾਂਡਰ ਦਾ ਅਹੁਦਾ ਸਾਂਭਣਾ ਸੀ, ਪਰ ਇਸ ਤੋਂ ਦੋ ਦਿਨ ਪਹਿਲਾਂ ਕਾਰਜਕਾਰੀ ਡਿਫੈਂਸ ਚੀਫ ਜਨਰਲ ਵੇਅਨ ਆਇਰ ਨੂੰ ਜਦੋਂ ਸੀਐਫਐਨਆਈਐਸ ਵੱਲੋਂ ਇਸ ਜਾਂਚ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਸ ਸਮਾਰੋਹ ਨੂੰ ਮੁਲਤਵੀ ਕਰ ਦਿੱਤਾ। ਡਿਫੈਂਸ ਡਿਪਾਰਟਮੈਂਟ ਤੇ ਕੈਨੇਡੀਅਨ ਆਰਮਡ ਫੋਰਸਿਜ਼ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਇਸ ਸਮਾਰੋਹ ਨੂੰ ਮੁਲਤਵੀ ਕੀਤੇ ਜਾਣ ਤੋਂ ਭਾਵ ਲੈਫਟੀਨੈਂਟ ਜਨਰਲ ਕੈਡਿਊ ਖਿਲਾਫ ਅਭਿਯੋਗ ਚਲਾਉਣਾ ਨਹੀਂ ਹੈ।
ਕੈਡਿਊ 29 ਸਾਲਾਂ ਤੋਂ ਫੌਜ ਵਿੱਚ ਹਨ ਤੇ ਉਹ ਬੋਸਨੀਆ ਤੇ ਅਫਗਾਨਿਸਤਾਨ ਮਿਸ਼ਨ ਉੱਤੇ ਵੀ ਜਾ ਚੁੱਕੇ ਹਨ। ਪਿੱਛੇ ਜਿਹੇ ਉਹ ਚੀਫ ਆਫ ਦ ਡਿਫੈਂਸ ਸਟਾਫ ਦੇ ਸਲਾਹਕਾਰ ਵਜੋਂ ਕੰਮ ਕਰ ਰਹੇ ਸਨ। ਇੱਕ ਲਿਖਤੀ ਬਿਆਨ ਵਿੱਚ ਕੈਡਿਊ ਨੇ ਆਖਿਆ ਕਿ ਇਹ ਦੋਸ਼ ਝੂਠੇ ਹਨ ਪਰ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਜ਼ਰੂਰੀ ਹੈ ਤਾਂ ਕਿ ਸੱਚ ਬਾਹਰ ਆ ਸਕੇ।