ਕੈਨਮਰ, ਅਲਬਰਟਾ : ਕੋਵਿਡ-19 ਕਾਰਨ ਲੰਮੇਂ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਨਵੰਬਰ ਵਿੱਚ ਅਮਰੀਕਾ ਵੱਲੋਂ ਜ਼ਮੀਨੀ ਤੇ ਸਮੁੰਦਰੀ ਸਰਹੱਦ ਨੂੰ ਗੈਰ ਜ਼ਰੂਰੀ ਟਰੈਵਲ ਲਈ ਖੋਲ੍ਹ ਦਿੱਤਾ ਜਾਵੇਗਾ।
ਮੰਗਲਵਾਰ ਰਾਤ ਨੂੰ ਵ੍ਹਾਈਟ ਹਾਊਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਤੇ ਮੈਕਸਿਕੋ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਵਿਜ਼ੀਟਰਜ਼ ਲਈ ਅਗਲੇ ਮਹੀਨੇ ਤੋਂ ਸਰਹੱਦਾਂ ਖੋਲ੍ਹ ਦਿੱਤੀਆਂ ਜਾਣਗੀਆਂ। ਪਰ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਕਿਹੜੀ ਵੈਕਸੀਨਜ਼ ਲਵਾਉਣ ਵਾਲਿਆਂ ਨੂੰ ਸਵੀਕਾਰਿਆ ਜਾਵੇਗਾ ਤੇ ਜਾਂ ਫਿਰ ਮਿਕਸਡ ਡੋਜ਼ਾਂ ਵਾਲਿਆਂ ਦਾ ਵੀ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਵੇਗਾ ਜਾਂ ਨਹੀਂ।
ਵ੍ਹਾਈਟ ਹਾਊਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਵੀ ਨਹੀਂ ਦਿੱਤੀ ਗਈ ਕਿ ਕੋਵਿਡ-19 ਲਈ ਐਸਟ੍ਰਾਜ਼ੈਨੇਕਾ ਵੈਕਸੀਨ, ਜਿਸ ਦੀ ਅਮਰੀਕਾ ਵਿੱਚ ਵਰਤੋਂ ਦੀ ਇਜਾਜ਼ਤ ਨਹੀਂ ਹੈ, ਲਵਾਉਣ ਵਾਲਿਆਂ ਨੂੰ ਅਮਰੀਕਾ ਆਉਣ ਦੀ ਖੁੱਲ੍ਹ ਹੋਵੇਗੀ ਜਾਂ ਨਾ। ਇਸ ਸਮੇਂ ਇਸ ਬਾਬਤ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਇਹੋ ਸਵਾਲ ਮਿਕਸਡ ਡੋਜ਼ ਲਵਾਉਣ ਲਈ ਵੀ ਖਰਾ ਬੈਠਦਾ ਹੈ। ਮਾਰਚ 2020 ਤੋਂ ਹੀ ਨੋਵਲ ਕਰੋਨਾਵਾਇਰਸ ਦੇ ਦੁਨੀਆ ਭਰ ਵਿੱਚ ਫੈਲਣ ਤੋਂ ਬਾਅਦ ਅਮਰੀਕਾ ਵੱਲੋਂ ਗੈਰ ਜ਼ਰੂਰੀ ਟਰੈਵਲ ਸਬੰਧੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ।
ਪਿਛਲੇ 90 ਦਿਨਾਂ ਤੋਂ ਕੋਵਿਡ-19 ਦਾ ਨੈਗੇਟਿਵ ਸਬੂਤ ਦੇ ਕੇ ਜਾਂ ਕੋਵਿਡ-19 ਤੋਂ ਠੀਕ ਹੋਣ ਦਾ ਸਬੂਤ ਪੇਸ਼ ਕਰਕੇ ਤੇ ਅਜਿਹੇ ਹੀ ਕੁੱਝ ਹਾਲਾਤ ਤਹਿਤ ਅਮਰੀਕਾ ਲਈ ਏਅਰ ਟਰੈਵਲ ਸ਼ੁਰੂ ਕਰ ਦਿੱਤਾ ਗਿਆ ਸੀ।
ਨਵੰਬਰ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਲਈ ਆਪਣੀਆਂ ਸਰਹੱਦਾਂ ਖੋਲ੍ਹੇਗਾ ਅਮਰੀਕਾ
