ਟਰੂਡੋ ਨਾਲ ਜਲਦ ਤੋਂ ਜਲਦ ਆਹਮੋ ਸਾਹਮਣੀਂ ਮੁਲਾਕਾਤ ਕਰਨੀ ਚਾਹੁੰਦੇ ਹਨ ਮੈਕਰੌਨ

ਓਟਵਾ : ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਜਲਦ ਤੋਂ ਜਲਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਹਮੋ ਸਾਹਮਣੀਂ ਮੁਲਾਕਾਤ ਕਰਨੀ ਚਾਹੁੰਦੇ ਹਨ।
ਕੈਨੇਡਾ ਲਈ ਫਰਾਂਸ ਦੀ ਅੰਬੈਸਡਰ ਕਰੀਨ ਰਿਸਪਲ ਨੇ ਆਖਿਆ ਕਿ ਮਹਾਂਮਾਰੀ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ ਅਧੂਰੇ ਪਏ ਬਿਜ਼ਨਸ ਨੂੰ ਮੁੜ ਸਿਰੇ ਲਾਉਣ ਤੋਂ ਇਲਾਵਾ ਮੈਕਰੌਨ ਪਿਛਲੇ ਮਹੀਨੇ ਅਮਰੀਕਾ, ਬ੍ਰਿਟੇਨ ਤੇ ਆਸਟਰੇਲੀਆ ਦਰਮਿਆਨ ਕਾਇਮ ਕੀਤੇ ਗਏ ਗੱਠਜੋੜ ਔਕਸ ਬਾਰੇ ਟਰੂਡੋ ਦੇ ਵਿਚਾਰ ਵੀ ਸੁਣਨਾ ਚਾਹੁੰਦੇ ਹਨ। ਇਨ੍ਹਾਂ ਤਿੰਨਾਂ ਮੁਲਕਾਂ ਵੱਲੋਂ ਬਣਾਏ ਗਏ ਇਸ ਔਕਸ ਗੱਠਜੋੜ ਕਾਰਨ ਮੈਕਰੌਨ ਕਾਫੀ ਖਫਾ ਹਨ ਤੇ ਉਹ ਇਸ ਨੂੰ ਆਪਣੇ ਭਰੋਸੇਮੰਦ ਭਾਈਵਾਲਾਂ ਵੱਲੋਂ ਪਿੱਠ ਵਿੱਚ ਛੁਰਾ ਮਾਰਨ ਬਰਾਬਰ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ ਇਸ ਗੱਠਜੋੜ ਵਿੱਚ ਸ਼ਾਮਲ ਨਾ ਕੀਤੇ ਜਾਣ ਨਾਲ ਟਰੂਡੋ ਨੂੰ ਕੋਈ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਠਜੋੜ ਪ੍ਰਮਾਣੂ ਸਬਮਰੀਨਜ਼ ਆਸਟਰੇਲੀਆ ਨੂੰ ਵੇਚਣ ਦਾ ਮਾਮਲਾ ਹੈ, ਜਿਸ ਵਿੱਚ ਕੈਨੇਡਾ ਨੂੰ ਕੋਈ ਦਿਲਚਸਪੀ ਨਹੀਂ।ਇੱਥੇ ਦੱਸਣਾ ਬਣਦਾ ਹੈ ਕਿ ਔਕਸ ਨੂੰ ਇਸ ਲਈ ਕਾਇਮ ਕੀਤਾ ਗਿਆ ਹੈ ਤਾਂ ਕਿ ਇੰਡੋ-ਪੈਸੇਫਿਕ ਵਿੱਚ ਚੀਨ ਦੇ ਵੱਧ ਰਹੇ ਦਬਦਬੇ ਦਾ ਸਾਹਮਣਾ ਕਰਨ ਲਈ ਆਸਟਰੇਲੀਆ ਦੇ ਹੱਥ ਮਜ਼ਬੂਤ ਕੀਤੇ ਜਾ ਸਕਣ। ਪ੍ਰਮਾਣੂ ਸਬਮਰੀਨਜ਼ ਦੇ ਫਲੀਟ ਨਾਲ ਆਸਟਰੇਲੀਆ ਨੂੰ ਲੈਸ ਕਰਨਾ ਦੀ ਗਰੁੱਪ ਨੂੰ ਕਾਇਮ ਕਰਨ ਦਾ ਮੁੱਖ ਮਕਸਦ ਹੈ। ਇਸ ਦੇ ਨਾਲ ਹੀ ਇਸ ਡੀਲ ਨਾਲ ਤਿੰਨਾਂ ਦੇਸ਼ਾਂ ਦਰਮਿਆਨ ਡਿਫੈਂਸ ਇੰਡਸਟਰੀ ਵਿੱਚ ਸਹਿਯੋਗ ਹੋਰ ਵਧੇਗਾ।
ਫਰਾਂਸ ਦੇ ਰਾਸ਼ਟਰਪਤੀ ਨੂੰ ਇਸ ਮਾਮਲੇ ਵਿੱਚ ਗੁੱਸਾ ਇਸ ਲਈ ਆਇਆ ਕਿਉਂਕਿ ਉਸ ਦੇ ਡਿਫੈਂਸ ਕਾਂਟਰੈਕਟਰਜ਼ ਵੀ ਪ੍ਰਮਾਣੂ ਸਬਮਰੀਨਜ਼ ਬਣਾਉਂਦੇ ਹਨ। ਮੈਕਰੌਨ ਨੇ ਵਾਸਿ਼ੰਗਟਨ ਤੋਂ ਆਪਣੇ ਅੰਬੈਸਡਰ ਨੂੰ ਵਾਪਿਸ ਸੱਦ ਕੇ ਇਸ ਸਬੰਧ ਵਿੱਚ ਆਪਣਾ ਗੁੱਸਾ ਪ੍ਰਗਟਾਇਆ। ਭਾਵੇਂ ਅੰਬੈਸਡਰ ਆਪਣੇ ਅਹੁਦੇ ਉੱਤੇ ਮੁੜ ਆ ਗਏ ਹਨ ਪਰ ਮੈਕਰੌਨ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਬਾਇਡਨ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵੀ ਪਤਾ ਲੱਗਿਆ ਹੈ ਕਿ ਮੈਕਰੌਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੀਟਿੰਗ ਕਰਨ ਉੱਤੇ ਕੰਮ ਕਰ ਰਹੇ ਹਨ।
ਇਸ ਦੌਰਾਨ ਟਰੂਡੋ ਦੇ ਤਰਜ਼ਮਾਨ ਐਲੈਕਸ ਵੈੱਲਸਟੈੱਡ ਨੇ ਇੱਕ ਈਮੇਲ ਵਿੱਚ ਆਖਿਆ ਕਿ ਪ੍ਰਧਾਨ ਮੰਤਰੀ ਵੀ ਜਲਦ ਤੋਂ ਜਲਦ ਰਾਸ਼ਟਰਪਤੀ ਮੈਕਰੌਨ ਨਾਲ ਮੁਲਾਕਾਤ ਕਰਨਗੇ।