ਓਸਲੋ, : ਬੁੱਧਵਾਰ ਨੂੰ ਨੌਰਵੇ ਦੇ ਕੌਗਸਬਰਗ ਟਾਊਨ ਵਿੱਚ ਇੱਕ ਵਿਅਕਤੀ ਵੱਲੋਂ ਤੀਰ ਕਮਾਨ ਨਾਲ ਕੀਤੇ ਗਏ ਹਮਲੇ ਕਾਰਨ ਪੰਜ ਵਿਅਕਤੀ ਮਾਰੇ ਗਏ ਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਲੋਕਲ ਪੁਲਿਸ ਨੇ ਦਿੱਤੀ।
ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।ਪੁਲਿਸ ਚੀਫ ਓਏਵਿੰਡ ਆਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਵਿਅਕਤੀਆਂ ਉੱਤੇ ਹਮਲੇ ਲਈ ਮਸ਼ਕੂਕ ਨੇ ਤੀਰ ਕਮਾਨ ਦੀ ਵਰਤੋਂ ਕੀਤੀ।ਪੁਲਿਸ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ ਕਿ ਕਿਤੇ ਇਸ ਦੌਰਾਨ ਹੋਰ ਹਥਿਆਰਾਂ ਦੀ ਵਰਤੋਂ ਤਾਂ ਨਹੀਂ ਕੀਤੀ ਗਈ। ਇਹ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਨੇ ਇੱਕਲਿਆਂ ਹੀ ਇਨ੍ਹਾਂ ਹਮਲਿਆਂ ਨੂੰ ਅੰਜਾਮ ਦਿੱਤਾ। ਜ਼ਖ਼ਮੀਆਂ ਵਿੱਚ ਇੱਕ ਸ਼ਖਸ ਛੁੱਟੀ ਉੱਤੇ ਗਿਆ ਪੁਲਿਸ ਅਧਿਕਾਰੀ ਵੀ ਸੀ।
2011 ਤੋਂ ਬਾਅਦ ਨੌਰਵੇ ਵਿੱਚ ਹੋਇਆ ਇਹ ਸੱਭ ਤੋਂ ਖਤਰਨਾਕ ਹਮਲਾ ਦੱਸਿਆ ਜਾ ਰਿਹਾ ਹੈ। ਉਸ ਸਮੇਂ ਸੱਜੇ ਪੱਖੀ ਸੋਚ ਵਾਲੇ ਐਂਡਰਜ਼ ਬਹਿਰਿੰਗ ਬ੍ਰੇਵਿਕ ਨੇ 77 ਲੋਕਾਂ ਨੂੰ ਮਾਰ ਮੁਕਾਇਆ ਸੀ, ਜਿਨ੍ਹਾਂ ਵਿੱਚੋਂ ਬਹੁਤੇ ਯੂਥ ਕੈਂਪ ਵਿੱਚ ਹਿੱਸਾ ਲੈਣ ਆਏ ਟੀਨੇਜਰਜ਼ ਸਨ।ਇਹ ਹਮਲਾ ਰਾਜਧਾਨੀ ਓਸਲੋ ਤੋਂ 68 ਕਿਲੋਮੀਟਰ ਦੂਰ ਦੱਖਣ ਪੂਰਬੀ ਨੌਰਵੇ ਦੇ ਕੌਗਸਬਰਗ ਇਲਾਕੇ ਵਿੱਚ ਹੋਇਆ।ਸਰਕਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤੀਰ ਕਮਾਨ ਨਾਲ ਹਮਲਾ ਕਰਕੇ ਇੱਕ ਵਿਅਕਤੀ ਨੇ ਲਈ 5 ਵਿਅਕਤੀਆਂ ਦੀ ਜਾਨ, 2 ਜ਼ਖ਼ਮੀ
