ਦਸਹਿਰਾ: ਕਿਸਾਨਾਂ ਨੇ ਮੋਦੀ, ਸ਼ਾਹ ਅਤੇ ਯੋਗੀ ਦੇ ਪੁਤਲੇ ਫੂਕੇ

ਦਸੂਹਾ,

ਇੱਥੇ ਵੱਖ-ਵੱਖ ਕਿਸਾਨ ਤੇ ਮੁਲਾਜ਼ਮ ਜੱਥੇਬੰਦੀਆਂ ਵੱਲੋਂ ਦੋਆਬਾ ਕਿਸਾਨ ਕਮੇਟੀ ਦੇ ਝੰਡੇ ਹੇਠ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਲਖੀਮਪੁਰ ਹਿੰਸਾ ਦੇ ਵਿਰੋਧ ਵਿੱਚ ਕੌਮੀ ਮਾਰਗ ਦੇ ਹਾਜ਼ੀਪੁਰ ਚੌਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਸ ਮੂੰਹਾਂ ਵਾਲਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਵਿਸ਼ੇਸ਼ ’ਤੇ ਸ਼ਿਰਕਤ ਕੀਤੀ। ਵੱਡੀ ਗਿਣਤੀ ਵਿੱਚ ਇਕੱਤਰ ਮੁਜ਼ਾਹਰਾਕਾਰੀਆਂ ਨੇ ਕੇਂਦਰ ਅਤੇ ਯੂਪੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ।

ਬੁਲਾਰਿਆਂ ਨੇ ਲਖੀਮਪੁਰ ਹਿੰਸਾ ’ਚ ਸ਼ਹੀਦ ਹੋਏ ਕਿਸਾਨਾਂ ਲਈ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਅੱਜ ਦੇ ਰਾਵਨ ਰੂਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਅਬਦੁਲ ਬਾਸਿਤ ਇਮਾਮ ਈਦਗਾਹ ਮਸਜਿਦ, ਮਹਿਤਾਬ ਸਿੰਘ ਹੁੰਦਲ, ਕਮਲ ਮਾਨ, ਗੁਰਸ਼ਰਨ ਮਾਨ, ਜਸਵਿੰਦਰ ਸਿੰਘ ਦੇਵੀਦਾਸ, ਸੁਖਵਿੰਦਰ ਸਿੰਘ ਬਾਜਵਾ, ਗੁਰਮੁੱਖ ਸਿੰਘ ਬਾਜਵਾ, ਦਿਲਬਾਗ ਹੁੰਦਲ, ਚੂੜ ਸਿੰਘ ਚੱਕ ਮਹਿਰਾ, ਚਰਨਜੀਤ ਸਿੰਘ ਸੰਧੂ, ਆਸਾ ਸਿੰਘ ਚੀਮਾ, ਗੁਰ ਸਾਹੀ, ਰਮਨ ਹੀਰਾਹਾਰ, ਸਰਪੰਚ ਸੁਖਦੇਵ ਸਿੰਘ, ਬਲਦੇਵ ਸਿੰਘ ਬੁਧੋਬਰਕਤ ਮੌਜੂਦ ਸਨ।

ਭਾਰਤੀ ਕਿਸਾਨ ਯੂਨੀਅਨ (ਕਾਦੀਆ) ਨੇ ਅੱਜ ਇੱਥੋ ਦੇ ਬੱਸ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਪੁਤਲੇ ਫੂਕ ਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢਣ ਅਤੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ।

ਯੂਨੀਅਨ ਦੇ ਬਲਾਕ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਸਕੱਤਰ ਗੁਰਦੇਵ ਸਿੰਘ, ਵਿੱਤ ਸਕੱਤਰ ਮੇਜਰ ਸਿੰਘ ਬਾਜਵਾ ਅਤੇ ਸਰਕਾਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਨੋਆ ਨੇ ਕਿਹਾ ਕਿ ਭਾਜਪਾ ਹਕੂਮਤ ਦੀ ਜ਼ਿੱਦ ਤੇ ਅੜੀ ਕਾਰਨ ਦੇਸ਼ ਦੇ ਕਿਸਾਨ ਪਿਛਲੇ ਇੱਕ ਸਾਲ ਤੋਂ ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਰੁਲ ਰਹੇ ਹਨ। ਭਾਜਪਾ ਦੀ ਬਦੌਲਤ ਹੀ ਕਿਸਾਨ ਤਿਉਹਾਰਾਂ ਮੌਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ।

ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਦਾ ਪੁਤਲਾ 16 ਅਕਤੂਬਰ ਨੂੰ ਫੂਕਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਪਾਲਾ ਮੌਲੀ, ਕੁਲਵਿੰਦਰ ਸਿੰਘ ਕਾਲਾ ਸਰਪੰਚ ਆਠੋਲੀ ਨੇ ਦੱਸਿਆ ਕਿ ਕੱਲ੍ਹ ਸਵੇਰੇ ਕਿਸਾਨ ਖੇਤੀਬਾੜੀ ਦਫ਼ਤਰ ਸਾਹਮਣੇ ਇਕੱਠੇ ਹੋਣਗੇ ਤੇ ਗੇਟ ਨੰਬਰ 3 ਦਾਣਾ ਮੰਡੀ ਪੁੱਜ ਕੇੇ ਰਾਵਣ, ਮੋਦੀ, ਅਮਿਤ ਸ਼ਾਹ ਤੇ ਅਜੈ ਮਿਸ਼ਰਾ ਦੇ ਪੁਤਲੇ ਫ਼ੂਕੇ ਜਾਣਗੇ।