ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ’ਚ ਵਿਘਨ

ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ’ਚ ਵਿਘਨ

ਨਵੀਂ ਦਿੱਲੀ, ਪੈਗਾਸਸ ਜਾਸੂਸੀ ਮਾਮਲਾ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਵੱਲੋਂ ਹੰਗਾਮੇ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ ਵਿੱਚ ਲਗਾਤਾਰ ਵਿਘਨ ਪਿਆ ਤੇ ਸੰਸਦ ਦੀ ਕਾਰਵਾਈ ਦੋ ਵਾਰ ਰੋਕਣ ਮਗਰੋਂ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੇ ਅੱਠ ਸਾਬਕਾ ਮੈਂਬਰਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਦ ਮੈਂਬਰਾਂ ਨੇ ਇਨ੍ਹਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮਗਰੋਂ ਪ੍ਰਸ਼ਨ ਕਾਲ ਸ਼ੁਰੂ ਹੋਇਆ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਦਲਾਂ ਨੇ ਪੈਗਾਸਸ ਜਾਸੂਸੀ ਮਾਮਲੇ ਬਾਰੇ ਸਦਨ ਵਿੱਚ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਪੀਕਰ ਦੇ ਕੋਲ ਜਾ ਕੇ ਨਾਅਰੇਬਾਜ਼ੀ ਕੀਤੀ। ਇਸੇ ਸ਼ੋਰ ਵਿੱਚ ਰੇਲ ਰਾਜ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਰੁਕੇ ਹੋਏ ਰੇਲ ਪ੍ਰਾਜੈਕਟਾਂ ਦੇ ਸਬੰਧ ਵਿੱਚ ਜਵਾਬ ਦਿੱਤੇ। ਇਸੇ ਦੌਰਾਨ ਵਿਰੋਧੀ ਦਲਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਿਹਾ ਤੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਲੋਕ ਸਭਾ ਦੀ ਮਰਿਆਦਾ ਭੰਗ ਨਾ ਕਰਨ ਲਈ ਕਿਹਾ। ਇਸ ਦੇ ਬਾਵਜੂਦ ਵਿਰੋਧੀ ਦਲਾਂ ਦਾ ਹੰਗਾਮਾ ਜਾਰੀ ਰਿਹਾ ਤੇ ਸੰਸਦ ਦੀ ਕਾਰਵਾਈ 11.30 ਤੱਕ ਰੋਕ ਦਿੱਤੀ ਗਈ। ਜਦੋਂ ਕਾਰਵਾਈ ਮੁੜ ਹੋਈ ਤਾਂ ਹੰਗਾਮਾ ਜਾਰੀ ਰਿਹਾ ਤੇ ਭਾਜਪਾ ਦੇ ਵਿਰੋਧੀ ਧਿਰਾਂ ਨੇ ‘ਜਾਸੂਸੀ ਬੰਦ ਕਰੋ’ ਦੇ ਨਾਅਰੇ ਲਗਾਏ। ਇਸ ਮਗਰੋਂ ਸੰਸਦ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਪੈਗਾਸਸ ਕਾਂਡ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧੀ ਧਿਰਾਂ ਦੇ ਹੰਮਾਗੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਰੋਕ ਦਿੱਤੀ ਗਈ। ਜ਼ਿਕਰਯੋਗ ਹੈ ਕਿ 19 ਜੁਲਾਈ ਤੋਂ ਸ਼ੁਰੂ ਹੋਏ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪੈਗਾਸਸ ਮਾਮਲਾ ਤੇ ਖੇਤੀ ਕਾਨੂੰਨਾਂ ਕਾਰਨ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਹੋਰਨਾਂ ਵਿਰੋਧੀ ਦਲਾਂ ਨੇ ਹਮਲਾਵਰ ਰੁੱਖ ਅਪਣਾਇਆ ਹੋਇਆ ਹੈ।

India