ਕੋਵਿਡ-19 ਦੇ ਪ੍ਰਕੋਪ ਵਾਲੇ ਸਾਲ ਵਿਚ ਸਰਕਾਰੀ ਗੁਦਾਮਾਂ ਵਿਚ ਅਨਾਜ ਦੀ ਬਰਬਾਦੀ 90 ਫ਼ੀਸਦ ਵਧੀ

ਇੰਦੌਰ (ਮੱਧ ਪ੍ਰਦੇਸ਼),

ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਵਾਲੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਕੇਂਦਰੀ ਭੰਡਾਰ ਨਿਗਮ (ਸੀਡਬਲਿਊਸੀ) ਦੇ ਸਰਕਾਰੀ ਗੁਦਾਮਾਂ ਵਿਚ ਕੁਦਰਤੀ ਆਫ਼ਤਾਂ ਅਤੇ ਹੋਰ ਕਾਰਨਾਂ ਕਰ ਕੇ ਅਨਾਜ ਦੀ ਬਰਬਾਦੀ ਕਰੀਬ 90 ਫ਼ੀਸਦ ਵਧ ਕੇ 1824.31 ਟਨ ਉੱਤੇ ਪਹੁੰਚ ਗਈ। ਨੀਮਚ ਦੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਦਾਇਰ ਕੀਤੀ ਗਈ ਅਰਜ਼ੀ ਉੱਤੇ ਉਨ੍ਹਾਂ ਨੂੰ ਐੱਫਸੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਫਸੀਆਈ ਤੇ ਸੀਡਬਲਿਊਸੀ ਦੇ ਸਰਕਾਰੀ ਗੁਦਾਮਾਂ ਵਿਚ ਅੰਨ ਸੜਨ ਅਤੇ ਬਰਬਾਦ ਹੋਣ ਬਾਰੇ ਸਵਾਲ ਕੀਤੇ ਸਨ।