ਢਾਕਾ,
ਦੁਰਗਾ ਪੂਜਾ ਮੌਕੇ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਕੁਝ ਦਿਨਾਂ ਬਾਅਦ ਸ਼ਨਿਚਰਵਾਰ ਨੂੰ ਇਥੋਂ 157 ਕਿਲੋਮੀਟਰ ਦੂਰ ਫੇਨੀ ’ਚ ਕੁਝ ਹੋਰ ਮੰਦਰਾਂ ਅਤੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਭੰਨ-ਤੋੜ ਤੇ ਲੁੱਟਮਾਰ ਕੀਤੀ ਗਈ। ਹਿੰਦੂ ਭਾਈਚਾਰੇ ਨੇ ਦੇਸ਼ ’ਚ 23 ਅਕਤੂਬਰ ਤੋਂ ਭੁੱਖ ਹੜਤਾਲ ਦਾ ਸੱਦਾ ਦਿੱਤਾ ਹੈ। ਬੰਗਲਾਦੇਸ਼ ਦੇ ਕਿਸ਼ੋਰਗੰਜ ਜ਼ਿਲ੍ਹੇ ਵਿੱਚ ਮੰਦਰ ਦੀ ਭੰਨਤੋੜ ਅਤੇ ਲੁੱਟਮਾਰ ਦੇ ਮਾਮਲੇ ਵਿੱਚ ਇੱਕ ਇਮਾਮ ਸਣੇ ਚਾਰ ਜਣਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਫੜੇ ਗਏ ਚਾਰ ਵਿਅਕਤੀਆਂ ਮਮੁਨੂਰ ਰਾਸ਼ਿਦ (22), 15 ਤੇ 16 ਸਾਲ ਦੇ ਦੋ ਨਾਬਾਲਗਾਂ ਅਤੇ ਕਾਫਿਲ ਉਦਦੀਨ (50), ਜੋ ਕਿ ਪਿੰਡ ਵਿੱਚ ਡਾਕਟਰ ਹੈ, ਨੇ ਸ਼ਨਿਚਰਵਾਰ ਨੂੰ ਆਪਣੇ ਜੁਰਮ ਕਬੂਲ ਕਰ ਲਏ ਸਨ। ਬੰਗਲਾਦੇਸ਼ ’ਚ ਕਈ ਥਾਵਾਂ ’ਤੇ ਦੁਰਗਾ ਪੂਜਾ ਵਾਲੇ ਸਥਾਨਾਂ ’ਤੇ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਿੰਦੂਆਂ ਨਾਲ ਝੜਪਾਂ ਵੀ ਹੋਈਆਂ। ਇਨ੍ਹਾਂ ਝੜਪਾਂ ’ਚ ਫੇਨੀ ਮਾਡਲ ਪੁਲੀਸ ਸਟੇਸ਼ਨ ਦੇ ਮੁਖੀ ਨਿਜ਼ਾਮੂਦੀਨ ਸਮੇਤ 40 ਵਿਅਕਤੀ ਜ਼ਖ਼ਮੀ ਹੋ ਗਏ ਹਨ। ਕਰੀਬ ਅੱਧੀ ਰਾਤ ਤੱਕ ਚੱਲੀ ਲੁੱਟਮਾਰ ਤੋਂ ਬਾਅਦ ਅਧਿਕਾਰੀਆਂ ਨੇ ਵਾਧੂ ਪੁਲੀਸ ਬਲ ਅਤੇ ਬਾਰਡਰ ਗਾਰਡ ਬੰਗਲਾਦੇਸ਼ ਨੂੰ ਤਾਇਨਾਤ ਕਰ ਦਿੱਤਾ ਹੈ। ‘ਢਾਕਾ ਟ੍ਰਿਬਿਊਨ’ ਮੁਤਾਬਕ ਸ਼ਰਾਰਤੀ ਅਨਸਰਾਂ ਨੇ ਮੁਨਸ਼ੀਗੰਜ ਦੇ ਦਾਨੀਆਪਾਰਾ ਮਹਾ ਸ਼ੋਸ਼ਨ ਕਾਲੀ ਮੰਦਰ ’ਚ ਛੇ ਮੂਰਤੀਆਂ ਦੀ ਭੰਨ-ਤੋੜ ਕੀਤੀ। ਉਧਰ ਚਿਟਾਗਾਓਂ ’ਚ ਬੰਗਲਾਦੇਸ਼ ਹਿੰਦੂ ਬੁਧਿਸਟ ਕ੍ਰਿਸਚਨ ਯੂਨਿਟੀ ਕਾਊਂਸਿਲ ਨੇ ਹਮਲਿਆਂ ਦੇ ਵਿਰੋਧ ’ਚ 23 ਅਕਤੂਬਰ ਤੋਂ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਭੁੱਖ ਹੜਤਾਲ ਢਾਕਾ ਦੇ ਸ਼ਾਹਬਾਗ ਅਤੇ ਚਿਟਾਗਾਓਂ ਦੇ ਆਂਦਰਕਿਲਾ ’ਚ ਰੱਖੀ ਜਾਵੇਗੀ।
ਇਸਕੌਨ ਕੋਲਕਾਤਾ ਦੇ ਮੈਂਬਰਾਂ ਨੇ ਅੱਜ ਇੱਥੇ ਬੰਗਲਾਦੇਸ਼ ਡਿਪਟੀ ਹਾਈ ਕਮਿਸ਼ਨ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਕਰਦਿਆਂ ਗੁਆਂਢੀ ਮੁਲਕ ਵਿੱਚ ਦੋ ਦਿਨ ਪਹਿਲਾਂ ਮੰਦਰ ’ਤੇ ਹਮਲਾ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੱਗਪਗ ਸੌ ਮੁਜ਼ਾਹਰਾਕਾਰੀਆਂ ਨੇ ਕੈਂਡਲ ਮਾਰਚ ਕਰਨ ਮਗਰੋਂ ਇੱਥੇ ਬੈੱਕਬਗਾਨ ਇਲਾਕੇ ’ਚ ਸਥਿਤ ਦਫ਼ਤਰ ਸਾਹਮਣੇ, ਜਿੱਥੇ ਪੁਲੀਸ ਨੇ ਬੈਰੀਕੇਡ ਲਾਏ ਹੋੲੇ ਸਨ, ਲੱਗਪਗ ਦੋ ਘੰਟੇ ਪ੍ਰਦਰਸ਼ਨ ਕੀਤਾ। ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸ਼ੀਅਸ਼ਨੈੱਸ (ਆਈਐੱਸਕੇਸੀਓਨ) ਦੇ ਕੋਲਕਾਤਾ ਦੇ ਉੱਪ ਪ੍ਰਧਾਨ ਰਾਧਾਰਮਨ ਦਾਸ ਨੇ ਕਿਹਾ, ‘ਸਾਨੂੰ ਦੁੱਖ ਹੋਇਆ ਹੈ ਅਤੇ ਅਸੀਂ ਗੁੱਸੇ ਵਿੱਚ ਹਾਂ। ਅਸੀਂ ਸ਼ਾਂਤੀ ਅਤੇ ਭਾਈਚਾਰੇ ਨੂੰ ਬੜ੍ਹਾਵਾ ਦਿੰਦੇ ਹਾਂ। ਗੁੰਡੇ ਸਾਨੂੰ ਨਿਸ਼ਾਨਾ ਕਿਵੇਂ ਬਣਾ ਸਕਦੇ ਹਨ। ਅਸੀਂ ਇਨ੍ਹਾਂ ਸਾਰੇ ਸਾਲਾਂ ਦੌਰਾਨ ਹਮੇਸ਼ਾ (ਬੰਗਲਾਦੇਸ਼ ਵਿੱਚ) ਨਾਓਖਾਲੀ ਲੋਕਾਂ ਦੇ ਪੱਖ ਵਿੱਚ ਰਹੇ ਹਾਂ।’ ਦਾਸ ਕਿਹਾ ਕਿ ਇਸਕੌਨ ਮੈਂਬਰ ਸੋਮਵਾਰ ਨੂੰ ਪੂਰੀ ਦੁਨੀਆਂ ਵਿੱਚ ਬੰਗਲਾਦੇਸ਼ ਦੀਆਂ ਸਾਰੀਆਂ ਅੰਬੈਸੀਆਂ, ਕੌਂਸਲਖਾਨਿਆਂ ਅਤੇ ਹਾਈ ਕਮਿਸ਼ਨਾਂ ਸਾਹਮਣੇ ਮੁਜ਼ਾਹਰੇ ਕਰਨਗੇ।