ਤਲ ਅਵੀਵ,
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਜ਼ਰਾਈਲ ਦੇ ਪੰਜ ਦਿਨ ਦੇ ਦੌਰੇ ਉਤੇ ਇੱਥੇ ਪਹੁੰਚ ਗਏ ਹਨ। ਭਾਰਤੀ ਵਿਦੇਸ਼ ਮੰਤਰੀ ਇਸ ਦੌਰਾਨ ਇਜ਼ਰਾਈਲ ਦੇ ਚੋਟੀ ਦੇ ਆਗੂਆਂ ਨਾਲ ਰਣਨੀਤਕ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਤੇ ਨਵੇਂ ਖੇਤਰਾਂ ਵਿਚ ਭਾਈਵਾਲੀ ਪਾਉਣ ਬਾਰੇ ਵਿਚਾਰ-ਚਰਚਾ ਕਰਨਗੇ। ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਜੈਸ਼ੰਕਰ ਦਾ ਇਹ ਪਹਿਲਾ ਇਜ਼ਰਾਈਲ ਦੌਰਾ ਹੈ। ਇਜ਼ਰਾਈਲ ਪੁੱਜਣ ’ਤੇ ਜੈਸ਼ੰਕਰ ਦਾ ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਨਾਓਰ ਜਿਲੋਨ ਨੇ ਸਵਾਗਤ ਕੀਤਾ। ਇਸ ਮੌਕੇ ਭਾਰਤੀ ਰਾਜਦੂਤ ਸੰਜੀਵ ਸਿੰਗਲਾ ਵੀ ਹਾਜ਼ਰ ਸਨ। ਵਿਦੇਸ਼ ਮੰਤਰੀ ਜੈਸ਼ੰਕਰ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ, ਪ੍ਰਧਾਨ ਮੰਤਰੀ ਨਫ਼ਤਾਲੀ ਬੈਨੈੱਟ ਤੇ ਵਿਦੇਸ਼ ਮੰਤਰੀ ਯੈਰ ਲੈਪਿਡ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਇਜ਼ਰਾਈਲ ਦੀਆਂ ਅਕਾਦਮਿਕ ਹਸਤੀਆਂ, ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਉਹ ਭਾਰਤੀ-ਯਹੂਦੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਜੈਸ਼ੰਕਰ ਪਹਿਲੀ ਸੰਸਾਰ ਜੰਗ ਦੌਰਾਨ ਇਸ ਖੇਤਰ ਵਿਚ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਨੂੰ ਵੀ ਸਿਜਦਾ ਕਰਨਗੇ। ਇੱਥੇ ਉਨ੍ਹਾਂ ਦੀ ਇਕ ਯਾਦਗਾਰ ਸਥਿਤ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਤੋਂ ਭਾਰਤ ਵੱਡੀ ਗਿਣਤੀ ਵਿਚ ਮਿਲਟਰੀ ਸਾਜ਼ੋ-ਸਾਮਾਨ ਖ਼ਰੀਦਦਾ ਹੈ।