ਬਫਰ ਸਟਾਕ ਜਾਰੀ ਹੋਣ ਮਗਰੋਂ ਪਿਆਜ਼ ਦੀਆਂ ਕੀਮਤਾਂ ਸਥਿਰ ਹੋ ਰਹੀਆਂ ਨੇ: ਸਰਕਾਰ

ਬਫਰ ਸਟਾਕ ਜਾਰੀ ਹੋਣ ਮਗਰੋਂ ਪਿਆਜ਼ ਦੀਆਂ ਕੀਮਤਾਂ ਸਥਿਰ ਹੋ ਰਹੀਆਂ ਨੇ: ਸਰਕਾਰ

ਨਵੀਂ ਦਿੱਲੀ, 

ਦੇਸ਼ ਵਿੱਚ ਤਿੰਨ ਮੁੱਖ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਦੌਰਾਨ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਬਫਰ ਸਟਾਕ ਜਾਰੀ ਹੋਣ ਨਾਲ ਪਿਆਜ਼ ਦੀਆਂ ਕੀਮਤਾਂ ਸਥਿਰ ਹੋ ਰਹੀਆਂ ਹਨ ਜਦਕਿ ਟਮਾਟਰ ਅਤੇ ਆਲੂਆਂ ਦੇ ਭਾਅ ਘਟਾਉਣ ਲਈ ਵੀ ਯਤਨ ਜਾਰੀ ਹਨ।

ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੀਮਤਾਂ ਵਿੱਚ ਨਰਮੀ ਅਤੇ ਘੱਟੋ-ਘੱਟ ਭੰਡਾਰਨ ਯਕੀਨੀ ਬਣਾਉਣ ਲਈ ਪਿਆਜ਼ ਦਾ ਸਟਾਕ ਅਗਸਤ ਦੇ ਆਖਰੀ ਹਫ਼ਤੇ ਤੋਂ ਪਹਿਲ ਦੇ ਆਧਾਰ ’ਤੇ ਢੁੱਕਵੇਂ ਤਰੀਕੇ ਨਾਲ ਬਾਜ਼ਾਰ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬਿਆਨ ਮੁਤਾਬਕ ਇਸ ਦੇ ਨਤੀਜੇ ਵਜੋਂ 14 ਅਕਤੂਬਰ ਨੂੰ ਮਹਾਨਗਰਾਂ ਵਿੱਚ ਪ੍ਰਚੂਨ ਮਾਰਕੀਟ ’ਚ ਪਿਆਜ਼ ਦਾ ਭਾਅ 42 ਤੋਂ 57 ਰੁਪਏ ਪ੍ਰਤੀ ਕਿੱਲੋ ਵਿਚਕਾਰ ਆ ਗਿਆ ਹੈ। ਇਸੇ ਤਰੀਕੇ ਪਿਆਜ਼ ਦੀ ਆਲ ਇੰਡੀਆ ਔਸਤ ਪ੍ਰਚੂਨ ਕੀਮਤ 37.06 ਰੁਪਏ ਪ੍ਰਤੀ ਕਿੱਲੋ ਜਦਕਿ ਥੋਕ ਮੁੱਲ 30 ਰੁਪਏ ਪ੍ਰਤੀ ਕਿੱਲੋ ਸੀ। 14 ਅਕਤੂਬਰ ਨੂੰ ਚੇਨੱਈ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 42 ਰੁਪਏ ਪ੍ਰਤੀ ਕਿੱਲੋ, ਦਿੱਲੀ ਵਿੱਚ 44 ਰੁਪਏ, ਮੁੰਬਈ ਵਿੱਚ 57 ਰੁਪਏ ਅਤੇ ਕੋਲਕਾਤਾ ਵਿੱਚ 57 ਰੁਪਏ ਪ੍ਰਤੀ ਕਿੱਲੋ ਸੀ। ਖੁਰਾਕ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਿਆਜ਼ ਦਾ ਬਫਰ ਸਟਾਕ ਉਨ੍ਹਾਂ ਸੂਬਿਆਂ ਵਿੱਚ ਜਾਰੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਕੀਮਤਾਂ ਆਲ ਇੰਡੀਆ ਔਸਤ ਤੋਂ ਵੱਧ ਅਤੇ ਪਿਛਲੇ ਮਹੀਨੇ ਦੇ ਮੁਕਾਬਲੇ ਵੱਧ ਰਹੀਆਂ ਹਨ। ਮੰਤਰਾਲੇ ਨੇ ਦੱਸਿਆ ਕਿ ਲੰਘੀ 12 ਅਕਤੂਬਰ ਤੱਕ ਚੰਡੀਗੜ੍ਹ, ਦਿੱਲੀ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਗੁਹਾਟੀ, ਭੁਵਨੇਸ਼ਵਰ, ਹੈਦਰਾਬਾਦ, ਬੰਗਲੂਰੂ, ਚੇਨੱਈ, ਮੁੰਬਈ, ਕੋਚੀ ਅਤੇ ਰਾਏਪੁਰ ਵਰਗੇ ਮੁੱਖ ਬਾਜ਼ਾਰਾਂ ਵਿੱਚ ਕੁੱਲ 67,357 ਟਨ ਪਿਆਜ਼ ਜਾਰੀ ਕੀਤਾ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਦਿੱਲੀ ਵਿੱਚ ਆਲੂਆਂ ਤੇ ਟਮਾਟਰਾਂ ਦੀਆਂ ਪ੍ਰਚੂਨ ਕੀਮਤਾਂ ਕ੍ਰਮਵਾਰ 20 ਅਤੇ 56 ਰੁਪਏ ਪ੍ਰਤੀ ਕਿੱਲੋ ਹਨ।

Business