ਕ੍ਰਿਸ਼ਨਾ ਭੱਟ ਨੇ ਆਪਣੇ ਪਿਤਾ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ

ਕ੍ਰਿਸ਼ਨਾ ਭੱਟ ਨੇ ਆਪਣੇ ਪਿਤਾ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ

ਮੁੰਬਈ:ਨਿਰਦੇਸ਼ਕ ਕ੍ਰਿਸ਼ਨਾ ਭੱਟ ਨੇ ਵੈੱਬ ਸੀਰੀਜ਼ ‘ਸਨਕ-ਏਕ ਜਨੂਨ’ ਵਿੱਚ ਆਪਣੇ ਪਿਤਾ ਵਿਕਰਮ ਭੱਟ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ ਹੈ।  ਇਸ ਸੀਰੀਜ਼ ਵਿੱਚ ਪਿਓ-ਧੀ ਦੀ ਜੋੜੀ ਨੇ ਇਕੱਠਿਆਂ ਕੰਮ ਕੀਤਾ ਹੈ।

ਸੀਰੀਜ਼ ਦੀ ਕਹਾਣੀ ਵਿਕਰਮ ਭੱਟ ਨੇ ਲਿਖੀ ਹੈ ਤੇ ਨਿਰਦੇਸ਼ਨ ਕ੍ਰਿਸ਼ਨਾ ਨੇ ਕੀਤਾ ਹੈ। ਆਪਣੇ ਪਿਤਾ ਤੋਂ ਸਿੱਖੇ ਗੁਰਾਂ ਸਬੰਧੀ ਗੱਲਬਾਤ ਕਰਦਿਆਂ ਕ੍ਰਿਸ਼ਨਾ ਨੇ ਕਿਹਾ, ‘‘ਫਿਲਮ ਬਣਾਉਣ ਦਾ ਕੰਮ ਸ਼ੁਰੂ ਤੋਂ ਹੀ ਮੇਰੇ ਲਈ ਦਿਲਚਸਪ ਰਿਹਾ ਹੈ ਅਤੇ ਮੇਰੇ ਪਿਤਾ ਨਾਲ ਇੱਕ ਫਿਲਮ ਵਿੱਚ ਕੰਮ ਕਰਨ ਮਗਰੋਂ ਮੇਰਾ ਰੁਝਾਨ ਇਸ ਪਾਸੇ ਹੋ ਗਿਆ। ਮੈਂ ਜਾਣਦੀ ਸੀ ਕਿ ਇਹ ਉਹ ਕੰਮ ਹੈ ਜਿਹੜਾ ਮੈਂ ਕਰਨਾ ਚਾਹੁੰਦੀ ਹਾਂ। ਉਪਰੰਤ ਮੈਨੂੰ ਉਨ੍ਹਾਂ ਨਾਲ ਕਈ ਪ੍ਰਾਜੈਕਟਾਂ ’ਚ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ’ਚ ਵੈੱਬ ਸੀਰੀਜ਼ ‘ਅਨਟਚੇਬਲਜ਼’ ‘ਮਾਇਆ 2’ ‘ਮਾਇਆ 3’ ਅਤੇ ‘ਟਵਿਸਟਿਡ 3’ ਸ਼ਾਮਲ ਹਨ। ਇਸ ਲਈ ਉਹ ਆਪਣੇ ਪਿਤਾ ਦੀ ਬਹੁਤ ਧੰਨਵਾਦੀ ਹੈ।’’  ਕ੍ਰਿਸ਼ਨਾ ਨੇ ਕਿਹਾ, ‘ਮੇਰੇ ਪਿਤਾ ਦੇ ਲੇਖਕ ਅਤੇ ਨਿਰਦੇਸ਼ਕ ਵਜੋਂ ਮੈਂ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ, ਜਿਸ ਵਿੱਚ ਅਦਾਕਾਰਾਂ ਨੂੰ ਕਹਾਣੀ ਸੁਣਾਉਣ ਤੋਂ ਲੈ ਕੇ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਸਮੂਹ ਅਮਲੇ ਦਾ ਤਾਲਮੇਲ ਬਣਾਉਣਾ, ਸੈੱਟ ’ਤੇ ਪ੍ਰਬੰਧ ਕਰਨਾ, ਅਦਾਕਾਰਾਂ ਨੂੰ ਕਹਾਣੀ ਦੇ ਕਿਰਦਾਰ ਮੁਤਾਬਕ ਢਾਲਣਾ ਸ਼ਾਮਲ ਹੈ। ਭਾਵੇਂ ਸੈੱਟ ’ਤੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਹੋਵੇ ਪਰ ਮੇਰੇ ਪਿਤਾ ਬਹੁਤ ਹੀ ਸ਼ਾਂਤੀ ਅਤੇ ਠਰੰਮੇ ਨਾਲ ਕੰਮ ਕਰਦੇ ਹਨ।

ਇਹ ਇੱਕ ਅਜਿਹਾ ਗੁਣ ਹੈ, ਜੋ ਮੈਂ ਹਰ ਰੋਜ਼ ਉਨ੍ਹਾਂ ਤੋਂ ਸਿੱਖਦੀ ਹਾਂ।’ ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਵਿੱਚ ਰੋਹਿਤ ਬੋਸ ਰੌਏ, ਐਂਦਰਿਤਾ ਰੇਅ, ਪਵਨ ਚੋਪੜਾ, ਰਸ਼ਦ ਰਾਣਾ, ਰਿਸ਼ੀ ਦੇਸ਼ਪਾਂਡੇ, ਅੰਤਰਾ ਬੈਨਰਜੀ, ਅਮਾਰਾ ਸੰਗਮ, ਤਸਨੀਮ ਅਲੀ ਤੇ ਹਰਪ੍ਰੀਤ ਜਟੈਲ ਵੱਖ-ਵੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਸੀਰੀਜ਼ ਇਸ ਵੇਲੇ ਐੱਮਐਕਸ ਪਲੇਅਰ ’ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ।

Entertainment