ਸਿੰਘੂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਨਿਹੰਗ ਭਾਜਪਾ ਆਗੂਆਂ ਨਾਲ ਕਰਦਾ ਰਿਹੈ ਮੁਲਾਕਾਤਾਂ

ਚੰਡੀਗੜ੍ਹ, 

ਕਿਸਾਨ ਅੰਦੋਲਨ ਦਾ ਕੇਂਦਰ ਬਣੇ ਕੌਮੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਿਹੰਗ ਗਰੁੱਪ ਦਾ ਆਗੂ ਬਾਬਾ ਅਮਨ ਸਿੰਘ ਕਈ ਫੋਟੋਆਂ ਵਿਚ ਭਾਜਪਾ ਦੇ ਕੌਮੀ ਪੱਧਰ ਦੇ ਆਗੂਆਂ ਨਾਲ ਦੇਖਿਆ ਗਿਆ ਹੈ। ਇਨ੍ਹਾਂ ਫੋਟੋਆਂ ਵਿਚ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਨਾਲ ਵੀ ਨਜ਼ਰ ਆਇਆ ਹੈ। ਕਤਲ ਦਾ ਦੋਸ਼ੀ ਬਰਖਾਸਤ ਪੁਲੀਸ ਕਰਮੀ ਤੇ ਸਾਬਕਾ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਵੀ ਇਕ ਮਿਲਣੀ ਮੌਕੇ ਹਾਜ਼ਰ ਸੀ ਜਦ ਇਹ ਫੋਟੋ ਖਿੱਚੀ ਗਈ। ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ’ ਵਿਚ ਸ਼ਾਮਲ ਸੀ। ਗੱਲਬਾਤ ਮੁੜ ਸ਼ੁਰੂ ਕਰਵਾਉਣ ਦੇ ਯਤਨਾਂ ਵਿਚ ਓਂਟਾਰੀਓ ਦੇ ਇਕ ਕੈਨੇਡੀਅਨ ਸਿੱਖ ਗਰੁੱਪ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ‘ਓਂਟਾਰੀਓ ਸਿੱਖਸ ਐਂਡ ਗੁਰਦੁਆਰਾ ਕੌਂਸਲ’ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ 24 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਭਾਜਪਾ ਆਗੂ ਗਰੇਵਾਲ ਨੂੰ ਸਰਕਾਰ-ਕਿਸਾਨਾਂ ਦੀ ਰੁਕੀ ਹੋਈ ਗੱਲਬਾਤ ਸ਼ੁਰੂ ਕਰਵਾਉਣ ਵਿਚ ‘ਅਹਿਮ ਸਰੋਤ’ ਕਰਾਰ ਦਿੱਤਾ ਗਿਆ ਸੀ। ‘ਦਿ ਟ੍ਰਿਬਿਊਨ’ ਕੋਲ ਕਰੀਬ ਤਿੰਨ ਫੋਟੋਆਂ ਮੌਜੂਦ ਹਨ ਜਿਨ੍ਹਾਂ ਵਿਚੋਂ ਇਕ ’ਚ ਕੇਂਦਰੀ ਮੰਤਰੀ ਤੋਮਰ ਨਿਹੰਗ ਬਾਬਾ ਅਮਨ ਸਿੰਘ ਦੇ ‘ਸਿਰੋਪਾ’ ਪਾ ਰਹੇ ਹਨ। ਸੂਤਰਾਂ ਮੁਤਾਬਕ ਇਹ ਮੀਟਿੰਗ ਜੁਲਾਈ ਦੇ ਅਖ਼ੀਰ ਵਿਚ ਹੋਈ ਹੈ। ਇਕ ਹੋਰ ਫੋਟੋ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਦੇ ਦਿੱਲੀ ਸਥਿਤ ਬੰਗਲੇ ’ਚ ਮੰਤਰੀ ਨਾਲ ਲੰਚ ਉਤੇ ਮੁਲਾਕਾਤ ਕਰ ਰਹੇ ਹਨ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ। ਗਰੇਵਾਲ ਜੰਮੂ ਤੇ ਕਸ਼ਮੀਰ, ਭਾਰਤ-ਤਿੱਬਤ ਸੰਘ ਦੀਆਂ ਇਕਾਈਆਂ ਨਾਲ ਵੀ ਜੁੜੇ ਹੋਏ ਹਨ।

ਜ਼ਿਕਰਯੋਗ ਹੈ ਕਿ ਪਿੰਕੀ ਪੰਜਾਬ ’ਚ ਅਤਿਵਾਦ ਦੇ ਦੌਰ ਦੀ ਸਭ ਤੋਂ ਵਿਵਾਦਤ ਸ਼ਖ਼ਸੀਅਤ ਰਿਹਾ ਹੈ। ਉਸ ਨੂੰ ਲੁਧਿਆਣਾ ਦੇ ਇਕ ਵਿਅਕਤੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਪਿੰਕੀ ਨੇ ਇਕ ਵਾਰ ਮੀਡੀਆ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਅਤਿਵਾਦ ਦੇ ਦੌਰ ਦੌਰਾਨ 50 ‘ਫ਼ਰਜ਼ੀ’ ਪੁਲੀਸ ਮੁਕਾਬਲਿਆਂ ਦਾ ਗਵਾਹ ਰਿਹਾ ਹੈ। ਦਿਲਚਸਪ ਤੱਥ ਇਹ ਹੈ ਕਿ ਇਹ ਸਾਰੀਆਂ ਮੀਟਿੰਗਾਂ ਉਸ ਵੇਲੇ ਹੋਈਆਂ ਜਦ ਪੰਜਾਬ ਵਿਚ ਭਾਜਪਾ ਆਗੂਆਂ ਦਾ ਬਾਈਕਾਟ ਕੀਤਾ ਜਾ ਰਿਹਾ ਸੀ।

ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ ਸੰਪਰਕ ਕਰਨ ’ਤੇ ਉਸ ਨੇ ਕਿਹਾ ਕਿ ‘ਭਾਜਪਾ ਆਗੂ ਵਜੋਂ ਮੈਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲਦਾ ਹੀ ਰਹਿੰਦਾ ਹਾਂ। ਅਸੀਂ ਓਂਟਾਰੀਓ ਦੇ ਇਕ ਸਿੱਖ ਗਰੁੱਪ ਨਾਲ ਮਿਲ ਕੇ ਮਸਲੇ ਦਾ ਹੱਲ ਲੱਭਣ ਵਿਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਬਾ ਅਮਨ ਵੀ ਇਕ ਮੀਟਿੰਗ ਮੌਕੇ ਹਾਜ਼ਰ ਸੀ। ਉਹ ਵੀ ਕਿਸਾਨਾਂ ਦੇ ਮਸਲੇ ਦਾ ਹੱਲ ਚਾਹੁੰਦਾ ਸੀ।’

ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦੇ ਦੋ ਸਟਾਫ਼ ਮੈਂਬਰਾਂ ਨੇ ਕਿਹਾ ਕਿ ਮੰਤਰੀ ਆਪਣੇ ਅਹੁਦੇ ਕਰ ਕੇ ਹਰ ਰੋਜ਼ ਕਈ ਲੋਕਾਂ ਨੂੰ ਮਿਲਦੇ ਹਨ। ਅਧਿਕਾਰੀਆਂ ਨੇ ਇਹ ਗੱਲ ਜ਼ਰੂਰ ਮੰਨੀ ਕਿ ‘ਕਿਸਾਨਾਂ ਨਾਲ ਕਈ ਗੇੜਾਂ ਵਿਚ ਹੋਈ ਗੱਲਬਾਤ ਦਾ ਨਿਹੰਗ ਆਗੂ ਹਿੱਸਾ ਨਹੀਂ ਸੀ।’ ਮੰਤਰੀ ਕੈਲਾਸ਼ ਚੌਧਰੀ ਨਾਲ ਇਸ ਮਾਮਲੇ ’ਤੇ ਸੰਪਰਕ ਨਹੀਂ ਹੋ ਸਕਿਆ। ਬਾਬਾ ਅਮਨ ਨੇ ਵੀ ਮੀਟਿੰਗ ਸਬੰਧੀ ਪੁੱਛੇ ਸਵਾਲ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਕਈ ਲੋਕਾਂ ਤੇ ਆਗੂਆਂ ਨੂੰ ਮਿਲਦਾ ਰਹਿੰਦਾ ਹੈ। ਉਸ ਨੇ ਕਿਹਾ ਕਿ ‘ਬੇਅਦਬੀ ਕਰਨ ਵਾਲੇ ਦੀ ਹੱਤਿਆ ਇਕ ਧਾਰਮਿਕ ਮਸਲਾ ਹੈ, ਇਸ ਦਾ ਕਿਸੇ ਹੋਰ ਚੀਜ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੇ ਨਿਹੰਗਾਂ ਨੇ ਖ਼ੁਦ ਹੀ ਸਮਰਪਣ ਕਰ ਦਿੱਤਾ ਹੈ।’

ਪਿੰਕੀ ਨੇ ਕੇਂਦਰੀ ਮੰਤਰੀ ਨਾਲ ਮੀਟਿੰਗ ਹੋਣ ਤੇ ਨਿਹੰਗ ਆਗੂ ਨਾਲ ਨੇੜਤਾ ਦੀ ਗੱਲ ਕਬੂਲੀ

ਕਤਲ ਦੇ ਦੋਸ਼ੀ ਬਰਖਾਸਤ ਪੁਲੀਸ ਕਰਮੀ ਤੇ ਸਾਬਕਾ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਵਿਚ ਹਾਜ਼ਰ ਸੀ ਤੇ ਨਿਹੰਗ ਬਾਬਾ ਅਮਨ ਸਿੰਘ ਨੂੰ ਜਾਣਦਾ ਹੈ। ਉਸ ਨੇ ਕਿਹਾ ਕਿ ਉਹ ਦੋਵੇਂ ਵੱਖ-ਵੱਖ ਕਤਲ ਕੇਸਾਂ ਵਿਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਰਹੇ ਹਨ। ਉਸ ਨੇ ਦਿੱਲੀ ਵਿਚ ਕੇਂਦਰੀ ਮੰਤਰੀ ਨਾਲ ਹੋਈ ਮੀਟਿੰਗ ਦੇ ਏਜੰਡੇ ਜਾਂ ਉਸ ਮੌਕੇ ਹੋਈ ਗੱਲਬਾਤ ਬਾਰੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।