ਜਲੰਧਰ ਵਿੱਚ ਪੁਲੀਸ ਇੰਸਪੈਕਟਰ ਦੀ ਕਾਰ ਨੇ ਦੋ ਕੁੜੀਆਂ ਦਰੜੀਆਂ

ਜਲੰਧਰ, 

ਇਥੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ’ਤੇ ਅੱਜ ਸਵੇਰੇ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਦੋ ਨੌਜਵਾਨ ਕੁੜੀਆਂ ਕੁਚਲੀਆਂ ਗਈਆਂ। ਇਨ੍ਹਾਂ ਵਿਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਨਵਜੋਤ ਕੌਰ (22) ਵਾਸੀ ਧੰਨੋਵਾਲੀ ਵਜੋਂ ਹੋਈ ਹੈ ਜਦਕਿ ਗੰਭੀਰ ਜ਼ਖ਼ਮੀ ਕੁੜੀ ਦੀ ਪਛਾਣ ਮਮਤਾ (30) ਵਾਸੀ ਰਾਮਾਮੰਡੀ ਵਜੋਂ ਹੋਈ ਹੈ। ਕਾਰ ਚਾਲਕ ਪੰਜਾਬ ਪੁਲੀਸ ਦਾ ਇੰਸਪੈਕਟਰ ਦੱਸਿਆ ਜਾ ਰਿਹਾ ਹੈ ਜੋ ਹਰੀਕੇ ਪੱਤਣ ਥਾਣੇ ’ਚ ਤਾਇਨਾਤ ਹੈ। ਗੁੱਸੇ ਵਿੱਚ ਆਏ ਪੀੜਤ ਪਰਿਵਾਰ ਨੇ ਸਾਢੇ ਪੰਜ ਘੰਟਿਆਂ ਲਈ ਹਾਈਵੇਅ ਨੂੰ ਜਾਮ ਕਰੀ ਰੱਖਿਆ, ਜਿਸ ਕਰਕੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਕੱਤਰ ਲੋਕਾਂ ਨੇ ਦੋਸ਼ੀ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰਨ, ਮ੍ਰਿਤਕਾ ਦੇ ਪਰਿਵਾਰ ਲਈ 50 ਲੱਖ ਰੁਪਏ ਦੇ ਮੁਆਵਜ਼ੇ ਤੇ ਜ਼ਖ਼ਮੀ ਲੜਕੀ ਲਈ ਨੌਕਰੀ ਦੀ ਮੰਗ ਕੀਤੀ। ਪਰਿਵਾਰ ਨੇ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀਆਂ ਵੱਲੋਂ ਮੰਗਾਂ ਮੰਨਣ ਦੇ ਭਰੋੋਸੇ ਮਗਰੋਂ ਜਾਮ ਖੋਲ੍ਹ ਦਿੱਤਾ। ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਪਰਾਗਪੁਰ ਸਥਿਤ ਹੁੰਡਈ ਸ਼ੋਅਰੂਮ ਵਿੱਚ ਕੰਮ ਕਰਦੀਆਂ ਸਨ ਅਤੇ ਦਫ਼ਤਰ ਜਾਣ ਲਈ ਹਾਈਵੇਅ ਤੋਂ ਹੀ ਸੜਕ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾ ਰਹੀਆਂ ਸਨ। ਸੀਸੀਟੀਵੀ ਵਿੱਚ ਕੈਦ ਹੋਈ ਫੁਟੇਜ ਵਿੱਚ ਨਜ਼ਰ ਆਇਆ ਹੈ ਕਿ ਦੋਵੇਂ ਕੁੜੀਆਂ ਸੜਕ ਵਿਚਕਾਰਲੇ ਡਿਵਾਈਡਰ ’ਤੇ ਖੜ੍ਹੀਆਂ ਸਨ। ਉਹ ਪਹਿਲਾਂ ਦੋ ਕਦਮ ਪੁੱਟ ਕੇ ਅੱਗੇ ਆਉਂਦੀਆਂ ਹਨ ਅਤੇ ਦੂਰੋਂ ਤੇਜ਼ ਰਫਤਾਰ ਕਾਰ ਨੂੰ ਆਉਂਦਾ ਵੇਖ਼ ਕੇ ਪਿੱਛੇ ਹਟ ਜਾਂਦੀਆਂ ਹਨ। ਉਸੇ ਵੇਲੇ ਇੱਕ ਤੇਜ਼ ਰਫ਼ਤਾਰ ਬਰੈਜ਼ਾ ਕਾਰ ਆਉਂਦੀ ਹੈ, ਜੋ ਦੋਹਾਂ ਕੁੜੀਆਂ ਨੂੰ ਹਵਾ ਵਿੱਚ ਉਛਾਲ ਕੇ ਦਰੜਦੀ ਹੋਈ ਨਿਕਲ ਜਾਂਦੀ ਹੈ।