ਹਨੀ ਸਿੰਘ ਖ਼ਿਲਾਫ਼ ਪਤਨੀ ਵੱਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ

ਹਨੀ ਸਿੰਘ ਖ਼ਿਲਾਫ਼ ਪਤਨੀ ਵੱਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ

ਨਵੀਂ ਦਿੱਲੀ, ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਦੀ ਪਤਨੀ ਨੇ ਉਸ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਤੋਂ ਬਚਾਅ ਐਕਟ ਤਹਿਤ 10 ਕਰੋੜ ਰੁਪਏ ਮੁਆਵਜ਼ਾ ਮੰਗਿਆ ਹੈ। ਸ਼ਾਲਿਨੀ ਨੇ ਦੋਸ਼ ਲਾਏ ਹਨ ਕਿ ‘ਉਸ ਨਾਲ ਜਾਨਵਰਾਂ ਵਰਗਾ ਵਰਤਾਅ ਕੀਤਾ ਗਿਆ ਹੈ, ਤੇ ਜ਼ੁਲਮ ਕੀਤਾ ਗਿਆ ਹੈ।’ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਤਾਨੀਆ ਸਿੰਘ ਨੇ ਇਸ ਮਾਮਲੇ ਵਿਚ ਹਨੀ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਹ ਨੋਇਡਾ ਸਥਿਤ ਆਪਣੀ ਸਾਂਝੀ ਜਾਇਦਾਦ ਨੂੰ ਅਲੱਗ-ਥਲੱਗ ਕਰਨ ਜਾਂ ਕਿਸੇ ਤੀਜੀ ਧਿਰ ਦੇ ਨਾਂ ਕਰਨ ਦੀ ਕੋਸ਼ਿਸ਼ ਨਾ ਕਰੇ। ਇਸ ਦੇ ਨਾਲ ਹੀ ਪਤਨੀ ਦੇ ਗਹਿਣੇ ਤੇ ਹੋਰ ਸਾਮਾਨ ਨੂੰ ਵੀ ਨਾ ਛੇੜਨ ਲਈ ਕਿਹਾ ਗਿਆ ਹੈ। ਸ਼ਾਲਿਨੀ (38) ਨੇ ਦੋਸ਼ ਲਾਇਆ ਹੈ ਕਿ ਗਾਇਕ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਸਰੀਰਕ, ਮਾਨਸਿਕ ਤੌਰ ਉਤੇ ਬਹੁਤ ਤੰਗ-ਪ੍ਰੇਸ਼ਾਨ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਹਨੀ ਨੇ ਪਿਛਲੇ ਕਈ ਸਾਲਾਂ ਵਿਚ ਉਸ ਨੂੰ ਕਈ ਵਾਰ ਕੁੱਟਿਆ ਵੀ ਹੈ। ਉਹ ਲਗਾਤਾਰ ਡਰ ਵਿਚ ਜਿਊਂ ਰਹੀ ਹੈ। ਤਿੰਨ ਵਕੀਲਾਂ- ਸੰਦੀਪ ਕਪੂਰ, ਅਪੂਰਵਾ ਪਾਂਡੇ ਤੇ ਜੀਜੀ ਕਸ਼ਿਅਪ ਰਾਹੀਂ ਦਾਇਰ ਕੇਸ ਵਿਚ ਸ਼ਾਲਿਨੀ ਨੇ ਦੋਸ਼ ਲਾਇਆ ਹੈ ਕਿ ਮਾਨਸਿਕ ਪ੍ਰੇਸ਼ਾਨੀ ਤੇ ਜਬਰ ਕਾਰਨ ਉਸ ਨੂੰ ਡਿਪਰੈਸ਼ਨ ਵੀ ਹੋ ਗਿਆ ਸੀ ਤੇ ਮੈਡੀਕਲ ਮਦਦ ਲੈਣੀ ਪਈ। -ਪੀਟੀਆਈ

Entertainment