ਪੇਈਚਿੰਗ,
ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ਵਿਚ ਚੀਨ ਦੀ ਜੀਡੀਪੀ 4.9 ਪ੍ਰਤੀਸ਼ਤ ਰਹੀ ਹੈ ਜੋ ਕਿ ਦੂਜੀ ਨਾਲੋਂ ਕਾਫ਼ੀ ਘੱਟ ਹੈ। ਦੂਜੀ ਤਿਮਾਹੀ ਵਿਚ ਜੀਡੀਪੀ 7.9 ਪ੍ਰਤੀਸ਼ਤ ਸੀ। ਚੀਨ ਸੰਸਾਰ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ ਤੇ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਕੋਵਿਡ ਸੰਕਟ ਨੇ ਪ੍ਰਾਪਰਟੀ ਕਾਰੋਬਾਰ, ਊਰਜਾ ਖੇਤਰ ਤੇ ਰਿਕਵਰੀ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਚੀਨ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਸੀ ਪਰ ਮਗਰੋਂ ਇਸ ਵਿਚ ਨਿਘਾਰ ਆਇਆ ਹੈ। ਚੀਨ ਦੇ ‘ਸਟੈਟਿਕਸ ਬਿਊਰੋ’ ਦੇ ਬੁਲਾਰੇ ਫੂ ਲਿੰਗਹੁਈ ਨੇ ਕਿਹਾ ਕਿ ਕੌਮਾਂਤਰੀ ਪੱਧਰ ਉਤੇ ਇਸ ਵੇਲੇ ਬੇਯਕੀਨੀ ਦਾ ਮਾਹੌਲ ਹੈ, ਘਰੇਲੂ ਆਰਥਿਕ ਰਿਕਵਰੀ ਹਾਲੇ ਵੀ ਸਥਿਰ ਨਹੀਂ ਹੈ। ਅੰਕੜਿਆਂ ਮੁਤਾਬਕ ਚੀਨ ਵਿਚ ਵਸਤਾਂ ਦੀ ਖ਼ਪਤ ਵਧੀ ਹੈ ਤੇ ਪ੍ਰਚੂਨ ਵਿਕਰੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਮੁਲਕ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 4.9 ਪ੍ਰਤੀਸ਼ਤ ਹੈ।