ਸਰੀ, 10 ਨਵੰਬਰ : ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵਸੇ ਪੰਜਾਬੀਆਂ ਨੂੰ ਆਪਣੀ ਮਿਹਨਤ, ਲਗਨ ਤੇ ਸੇਵਾ ਭਾਵਨਾ ਲਈ ਜਾਣਿਆ ਜਾਂਦਾ ਹੈ ਤੇ ਇਸ ਭਾਵਨਾ ਦੇ ਦਮ ’ਤੇ ਹੀ ਉਹ ਉੱਚੇ ਮੁਕਾਮ ਵੀ ਹਾਸਲ ਕਰ ਰਹੇ ਨੇ।
ਤਾਜ਼ਾ ਖ਼ਬਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਆ ਰਹੀ ਐ, ਜਿੱਥੇ ਬੀਤੇ ਕੱਲ੍ਹ ਸਰੀ ਦੇ ਸਤਬੀਰ ਸਿੰਘ ਚੀਮਾ ਨੂੰ ‘ਸੇਫ਼ ਕਮਿਊਨਿਟੀਜ਼ ਐਵਾਰਡ’ ਮਿਲਿਆ ਸੀ, ਉੱਥੇ ਅੱਜ ਸਰੀ ਲਾਇਬਰੇਰੀਜ਼ ਬੋਰਡ ਦੀ ਚੇਅਰ ਨੀਲਮ ਸਹੋਤਾ ਦਾ ‘ਟਰੱਸਟੀ ਐਕਸੀਲੈਂਸ ਐਵਾਰਡ’ ਨਾਲ ਸਨਮਾਨ ਕੀਤਾ ਗਿਆ।
ਬ੍ਰਿਟਿਸ਼ ਕੋਲੰਬੀਆ ਲਾਇਬਰੇਰੀ ਟਰੱਸਟੀਜ਼ ਐਸੋਸੀਏਸ਼ਨ (ਬੀਸੀਐਲਟੀਏ) ਨੇ ਨੀਲਮ ਸਹੋਤਾ ਨੂੰ ਇਹ ਐਵਾਰਡ ਪ੍ਰਦਾਨ ਕੀਤਾ। ਹਰ ਸਾਲ ਬੀ.ਸੀ. ਲਾਇਬਰੇਰੀ ਬੋਰਡ ’ਚ ਸੇਵਾਵਾਂ ਨਿਭਾਅ ਰਹੇ 700 ਤੋਂ ਵੱਧ ਟਰੱਸਟੀਆਂ ਵਿੱਚੋਂ ਉਸ ਟਰੱਸਟੀ ਨੂੰ ਇਹ ਐਵਾਰਡ ਦਿੱਤਾ ਜਾਂਦਾ ਹੈ, ਜਿਹੜਾ ਬਿਹਤਰੀਨ ਪ੍ਰਸ਼ਾਸਕੀ ਕਾਰਗੁਜ਼ਾਰੀ ਰਾਹੀਂ ਆਪਣੀ ਪਬਲਿਕ ਲਾਇਬਰੇਰੀ ਅਤੇ ਕਮਿਊਨਿਟੀ ਲਈ ਵੱਡਾ ਯੋਗਦਾਨ ਪਾਉਂਦਾ ਹੈ।