ਸੋਨੀਪਤ, 10 ਨਵੰਬਰ : ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨ ਵਿਰੋਧੀ ਧਰਨੇ ਵਿਚ ਇੱਕ ਪ੍ਰਦਰਸ਼ਨਕਾਰੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਾਫੀ ਸਮੇਂ ਤੋਂ ਧਰਨੇ ਵਿਚ ਸ਼ਾਮਲ ਸੀ। ਉਨ੍ਹਾਂ ਦੀ ਟਰਾਲੀ ਦੇ ਲੋਕਾਂ ਦੇ ਪਿਛਲੇ ਦਿਨੀਂ ਪੰਜਾਬ ਚਲੇ ਜਾਣ ਦੇ ਬਾਅਦ ਤੋਂ ਉਹ ਇਕੱਲਾ ਹੀ ਰਹਿ ਰਿਹਾ ਸੀ। ਬੁਧਵਾਰ ਸਵੇਰੇ ਲੋਕਾਂ ਨੇ ਉਸ ਦੀ ਲਾਸ਼ ਫਾਹੇ ’ਤੇ ਲਟਕੀ ਦੇਖ ਕੇ ਪੁਲਿਸ ਨੁੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਉਤਰਵਾ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲਿਸ ਨੂੰ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਵਿਚ ਪੰਜਾਬ ਦੀ ਦਰਜਨਾਂ ਟਰਾਲੀਆਂ ਕੁੰਡਲੀ ਬਾਰਡਰ ’ਤੇ ਹਨ। ਇਨ੍ਹਾਂ ਵਿਚ ਪ੍ਰਦਰਸ਼ਨਕਾਰੀ ਅਪਣੇ ਪਿੰਡ ਤੇ ਖੇਤਰ ਦੇ ਲੋਕਾਂ ਦੇ ਨਾਲ ਰਹਿ ਰਹੇ ਹਨ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਰੋਹ ਦੇ ਪਿੰਡ ਰੁੜਕੀ ਦਾ ਟਰੈਕਟਰ ਟਰਾਲੀ ਵੀ ਕਾਫੀ ਸਮੇਂ ਤੋਂ ਕੁੰਡਲੀ ਬਾਰਡਰ ’ਤੇ ਸੀ। ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਰੁੜਕੀ ਪਿੰਡ ਦਾ ਰਹਿਣ ਵਾਲਾ 45 ਸਾਲਾ ਗੁਰਪ੍ਰੀਤ ਸਿੰਘ ਵੀ ਇੱਥੇ ਹੀ ਸੀ। ਦੀਵਾਲੀ ਤੋਂ ਪਹਿਲਾਂ ਉਸ ਦੀ ਟਰਾਲੀ ਦੇ ਹੋਰ ਸਾਥੀ ਪੰਜਾਬ ਚਲੇ ਗਏ ਸੀ। ਉਹ ਅਪਣੀ ਟਰਾਲੀ ’ਤੇ ਇਕੱਲਾ ਹੀ ਰਹਿ ਰਿਹਾ ਸੀ।
ਬੁੱਧਵਾਰ ਸਵੇਰੇ ਲੋਕਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਹੁਡਾ ਸੈਕਟਰ ਵਿਚ ਅੰਸਲ ਸੁਸ਼ਾਂਤ ਸਿਟੀ ਤੋਂ ਅੱਗੇ ਨਾਂਗਲ ਰੋਡ ’ਤੇ ਪਾਰਕਰ ਮਾਲ ਦੇ ਕੋਲ ਇੱਕ ਨਿੰਮ ਦੇ ਦਰੱਖਤ ’ਤੇ ਰੱਸੀ ’ਤੇ ਲਟਕੀ ਹੋਈ ਹੈ। ਲੋਕਾਂ ਨੇ ਇਸ ਦੀ ਸੂਚਨਾ ਕੁੰਡਲੀ ਥਾਣਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਉਤਰਵਾ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਰੂਪ ਵਿਚ ਹੋਈ। ਉਹ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਨਾਲ ਜੁੜਿਆ ਸੀ। ਉਸ ਦੇ ਪ੍ਰਧਾਨ ਜਗਜੀਤ ਸਿੰਘ ਢੱਕੇਵਾਲ ਹਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਉਸ ਦੇ ਆਸ ਪਾਸ ਹੋਰ ਟਰਾਲੀਆਂ ’ਤੇ ਰਹਿਣ ਵਾਲੇ ਪ੍ਰਦਰਸ਼ਨਕਾਰੀਆਂ ਤੋਂ ਵੀ ਜਾਣਕਾਰੀ ਜੁਟਾ ਰਹੀ ਹੈ। ਪ੍ਰਦਰਸ਼ਨਕਾਰੀਆਂ ਦੇ ਜ਼ਰੀਏ ਮ੍ਰਿਤਕ ਦੇ ਘਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ
ਸਿੰਘੂ ਬਾਰਡਰ ’ਤੇ ਪੰਜਾਬ ਦੇ ਕਿਸਾਨ ਦੀ ਮੌਤ
